A case of self-immolation : ਜਲੰਧਰ ਵਿਖੇ ਅੱਜ ਇਕ ਵਿਅਕਤੀ ਵਲੋਂ ਖੁਦ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਦੇ ਸਾਹਮਣੇ ਇਕ ਵਿਅਕਤੀ ਵਲੋਂ ਇਸ ਕੰਮ ਨੂੰ ਅੰਜਾਮ ਦਿੱਤਾ ਗਿਆ। ਲੌਕਡਾਊਨ ਕਾਰਨ ਬਾਜਾਰਾਂ ਵਿਚ ਭੀੜ ਨਹੀਂ ਸੀ ਤੇ ਆਵਾਜਾਈ ਵੀ ਬਹੁਤ ਘੱਟ ਸੀ ਪਰ ਅੱਗ ਲੱਗਣ ਤੋਂ ਬਾਅਦ ਵਿਅਕਤੀ ਦੀਆਂ ਚੀਕਾਂ ਸੁਣ ਕੇ ਲੋਕ ਉਥੇ ਪੁੱਜੇ ਅਤੇ ਉਸ ਵਿਅਕਤੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ’ਚ ਲੱਗ ਗਏ।
ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਵਿਅਕਤੀ ਦੀ ਪਛਾਣ ਕਰਮਚੰਦ ਵਾਸੀ ਮਾਨਾ ਪਿੰਡ ਵਜੋਂ ਹੋਈ ਹੈ। ਕਰਮਚੰਦ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਜਿਥੇ ਮੈਡੀਕਲ ਸਟਾਫ ਦਾ ਕਹਿਣਾ ਹੈ ਕਿ ਵਿਅਕਤੀ 60 ਫੀਸਦੀ ਤੋਂ ਵਧ ਝੁਲਸ ਗਿਆ ਹੈ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਾਡਲ ਟਾਊਨ ਦੇ SHO ਬਲਵਿੰਦਰ ਸਿੰਘ ਨੇ ਦੱਸਿਆ ਕਿ ਝੁਲਸ ਜਾਣ ਤੋਂ ਬਾਅਦ ਵਿਅਕਤੀ ਖੁਦ ਹੀ ਸਿਵਲ ਹਸਪਤਾਲ ਵਿਚ ਭਰਤੀ ਹੋਣ ਲਈ ਪੁੱਜਾ। ਤਲਾਸ਼ੀ ਦੌਰਾਨ ਕਰਮਚੰਦ ਕੋਲੋਂ ਕੁਝ ਕਾਗਜਾਤ ਮਿਲੇ ਹਨ ਜਿਸ ਦੀ ਛਾਣਬੀਣ ਕੀਤੀ ਜਾ ਰਹੀ ਹੈ। ਕਰਮਚੰਦ ਵਲੋਂ ਅਜੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ਕਿਉਂਕਿ ਉਸ ਦੀ ਹਾਲਤ ਅਜੇ ਗੰਭੀਰ ਹੈ ਤੇ ਉਹ 60 ਫੀਸਦੀ ਝੁਲਸ ਚੁੱਕਾ ਹੈ।