Case registered against 25 : ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਦੇ ਹਰੇਕ ਜਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਪਿਛਲੇ ਦੋ ਹਫ਼ਤੇ ‘ਚ ਤੇਜ਼ੀ ਨਾਲ ਵਧੀ ਹੈ। ਚੰਡੀਗੜ੍ਹ ‘ਚ ਹੁਣ ਤਕ 191 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 151 ਮਰੀਜ਼ ਹਾਲੇ ਇਲਾਜ ਅਧੀਨ ਹਨ, ਜਦਕਿ 37 ਮਰੀਜ਼ ਠੀਕ ਹੋਣ ਮਗਰੋਂ ਆਪਣੇ ਘਰ ਪਰਤ ਚੁੱਕੇ ਹਨ। ਬੀਤੇ ਦਿਨੀਂ ਚੰਡੀਗੜ੍ਹ ਦੇ ਰਾਮ ਦਰਬਾਰ ਫ਼ੇਜ਼-2 ਵਾਸੀ ਕੋਰੋਨਾ ਵਾਇਰਸ ਨੂੰ ਹਰਾ ਕੇ ਘਰ ਪੁੱਜਾ।
ਇਸ ਖੁਸ਼ੀ ‘ਚ ਲੋਕਾਂ ਦੀ ਵੱਡੀ ਭੀੜ ਨੇ ਉਸ ਦਾ ਸਵਾਗਤ ਕੀਤਾ। ਜਦੋਂ ਇਹ ਵਿਅਕਤੀ ਠੀਕ ਹੋਣ ਮਗਰੋਂ ਆਪਣੇ ਘਰ ਪੁੱਜਾ ਤਾਂ ਇਲਾਕਾ ਵਾਸੀਆਂ ਨੇ ਉਸ ਦੇ ਸਵਾਗਤ ‘ਚ ਫੁੱਲ ਬਰਸਾਏ ਅਤੇ ਖੂਬ ਡਾਂਸ ਕੀਤਾ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨ ਦੇ ਦੋਸ਼ ‘ਚ 25 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਰਾਮ ਦਰਬਾਰ ਫ਼ੇਜ਼-2 ‘ਚ ਗਸ਼ਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ। ਇਲਾਕੇ ‘ਚ ਇੱਕ ਕੋਰੋਨਾ ਮਰੀਜ਼ ਦੀ ਸਿਹਤਯਾਬੀ ਅਤੇ ਘਰ ਵਾਪਸੀ ਦਾ ਜਸ਼ਨ ਮਨਾਉਣ ਲਈ ਇਕੱਤਰ ਹੋਈ ਭੀੜ ਦੀ ਵੀਡੀਓ ਵਾਇਰਸ ਹੋਈ ਸੀ। ਹਾਲਾਂਕਿ ਅਜੇ ਤਕ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
ਆਪਣੇ ਅਧਿਕਾਰਤ ਬਿਆਨ ਵਿੱਚ ਪੁਲਿਸ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਦੇ ਅਧਾਰ ‘ਤੇ ਅਣਪਛਾਤੇ ਲੋਕਾਂ ਵਿਰੁੱਧ ਧਾਰਾ 188 (ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਨ) ਅਤੇ ਧਾਰਾ 269 (ਲਾਪਰਵਾਹੀ ਨਾਲ ਬਿਮਾਰੀ ਦੇ ਸੰਕਰਮਣ ਨੂੰ ਫੈਲਾਉਣ) ਅਤੇ ਧਾਰਾ 270 (ਖ਼ਤਰਨਾਕ ਕੰਮ, ਜੋ ਜਾਨਲੇਵਾ ਬਿਮਾਰੀ ਦੇ ਸੰਕਰਮਣ ਨੂੰ ਫੈਲਾਉਣ ਦੀ ਸੰਭਾਵਨਾ ਹੈ) ਤਹਿਤ ਮਾਮਲਾ ਦਰਜ ਕੀਤਾ ਹੈ। ਰਾਮ ਦਰਬਾਰ ‘ਚ ਜਿਹੜੇ ਇਲਾਕੇ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲਿਆ ਸੀ, ਉਸ ਨੂੰ ਸੀਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਭੀੜ ‘ਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਨੀਲਾਂਬਰੀ ਜਗਾਦਲੇ ਨੇ ਕਿਹਾ, “ਮੌਕੇ ‘ਤੇ 20 ਤੋਂ ਵੱਧ ਲੋਕ ਇਕੱਠੇ ਹੋਏ ਸਨ, ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਡਿਊਟੀ ‘ਚ ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।”