nirmala sitharaman says: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਉੱਤੇ ਲਗਾਤਾਰ ਤੀਜੇ ਦਿਨ ਮੀਡੀਆ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਅੱਜ ਆਰਥਿਕ ਪੈਕੇਜ ਵਿੱਚ ਕਿਸਾਨਾਂ ਅਤੇ ਪੇਂਡੂ ਭਾਰਤ ਨੂੰ ਮਿਲੀਆਂ ਰਾਹਤ ਬਾਰੇ ਵਿਸਥਾਰ ਵਿੱਚ ਦੱਸਿਆ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਲਈ ਇੱਕ ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਮਹੱਤਵਪੂਰਨ ਹੈ ਕਿ ਪ੍ਰੈਸ ਕਾਨਫਰੰਸ ਦੇ ਪਹਿਲੇ ਪੜਾਅ ਵਿੱਚ ਬੁੱਧਵਾਰ ਨੂੰ ਵਿੱਤ ਮੰਤਰੀ ਨੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਅਤੇ ਰੀਅਲ ਅਸਟੇਟ ਸਮੇਤ ਕੁੱਝ ਹੋਰ ਖੇਤਰਾਂ ਨੂੰ ਰਾਹਤ ਦੇਣ ਬਾਰੇ ਗੱਲ ਕੀਤੀ ਸੀ, ਜਦੋਂ ਕਿ ਵੀਰਵਾਰ ਨੂੰ ਉਨ੍ਹਾਂ ਨੇ ਕਿਸਾਨਾਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੱਸੀਆਂ ਸਨ।
ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੱਸਿਆ ਕਿ ਦੋ ਮਹੀਨਿਆਂ ‘ਚ 18 ਹਜ਼ਾਰ 700 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਭੇਜ ਦਿੱਤੇ ਗਏ ਹਨ। ਪਿੱਛਲੇ ਦੋ ਮਹੀਨਿਆਂ ਵਿੱਚ ਕਿਸਾਨਾਂ ਦੀ ਸਹਾਇਤਾ ਲਈ ਕਈ ਕਦਮ ਚੁੱਕੇ ਗਏ ਹਨ। 74 ਹਜ਼ਾਰ 300 ਕਰੋੜ ਰੁਪਏ ਦੀ ਫਸਲ ਖਰੀਦੀ ਗਈ ਸੀ। ਦੋ ਕਰੋੜ ਕਿਸਾਨਾਂ ਨੂੰ ਵਿਆਜ ਵਿੱਚ ਸਬਸਿਡੀ ਦਿੱਤੀ ਗਈ। ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ ਐਮ ਐਸ ਪੀ ਲਈ 17300 ਕਰੋੜ ਅਤੇ ਫਸਲ ਬੀਮੇ ਲਈ 6400 ਕਰੋੜ ਦੀ ਵਿਵਸਥਾ ਹੈ।
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੱਤਸ ਸੰਪਦਾ ਯੋਜਨਾ ਰਾਹੀਂ ਮਛੇਰਿਆਂ ਲਈ 20,000 ਕਰੋੜ ਰੁਪਏ ਅਲਾਟ ਕਰਨ ਦਾ ਫੈਸਲਾ ਕੀਤਾ ਹੈ। ਇਹ ਮੱਛੀ ਪਾਲਣ ਦੀ ਵੈਲਯੂ ਚੇਨ ਵਿੱਚ ਮਹੱਤਵਪੂਰਣ ਪਾੜੇ ਨੂੰ ਭਰਨ ‘ਚ ਸਹਾਇਤਾ ਕਰੇਗਾ। ਇਹ ਸਮੁੰਦਰੀ ਅਤੇ ਅੰਦਰੂਨੀ ਮੱਛੀ ਪਾਲਣ ਸੈਕਟਰ ਦੇ ਵਿਕਾਸ ਵਿੱਚ ਸਹਾਇਤਾ ਕਰੇਗਾ। ਕਿਸਾਨ ਕ੍ਰੈਡਿਟ ਕਾਰਡ ਲਈ ਦੋ ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਸੀ। ਸਹਿਕਾਰੀ ਸਭਾਵਾਂ, ਸਮੂਹਾਂ ਨੂੰ ਖੇਤੀ ਭੰਡਾਰਨ ਵਿੱਚ ਸਹਾਇਤਾ ਲਈ ਫੰਡ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਮਾਈਕਰੋ ਫੂਡ ਐਂਟਰਪ੍ਰਾਈਜਜ ਦੇ ਰਸਮੀਕਰਨ ਲਈ 10,000 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦੇ ‘ਲੋਕਲ ਫੋਰ ਵੋਕਲ‘ ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਤ ਕਰਦਾ ਹੈ।