Patiala: SHO suspended in : ਸੂਬੇ ਵਿਚ ਨਕਲੀ ਸ਼ਰਾਬ ਦਾ ਧੰਦਾ ਜੋਰਾਂ-ਸ਼ੋਰਾਂ ਉਤੇ ਚੱਲ ਰਿਹਾ ਸੀ। ਪੁਲਿਸ ਵਲੋਂ ਸਖਤ ਕਾਰਵਾਈ ਕਰਦੇ ਹੋਏ ਪਟਿਆਲਾ ਵਿਖੇ ਨਕਲੀ ਸ਼ਰਾਬ ਦੀ ਫੈਕਟਰੀ ਦੇ ਮਾਮਲੇ ਵਿਚ ਮਨਦੀਪ ਸਿੰਘ ਸਿੱਧੂ ਨੇ ਸ਼ੰਭੂ ਥਾਣੇ ਦੇ SHO ਪ੍ਰੇਮ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਐਕਸਾਈਜ ਵਿਭਾਗ ਨੇ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਕਾਰਵਾਈ ਕਰਦੇ ਹੋਏ ਵੱਡੀ ਮਾਤਰਾ ਵਿਚ ਨਕਲੀ ਸ਼ਰਾਬ ਬਣਾਉਣ ਵਾਲਾ ਸਾਮਾਨ ਬਰਾਮਦ ਕੀਤਾ। ਡੀ. ਐੱਸ. ਪੀ. ਘਨੌਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ੁੱਕਰਵਾਰ ਨੂੰ ਫੈਕਟਰੀ ਤੋਂ ਲਗਭਗ 40 ਪੇਟੀਆਂ ਸ਼ਰਾਬ, ਭਾਰੀ ਮਾਤਰਾ ਵਿਚ ਈ. ਐੱਨ. ਏ. (ਸਪ੍ਰਿਟ), ਖਾਲੀ ਬੋਤਲਾਂ, ਲੇਬਲ, ਢੱਕਣ ਅਤੇ ਮਸ਼ੀਨਰੀ ਸਮੇਤ ਹੋਰ ਇਸਤੇਮਾਲ ਹੋਣ ਵਾਲਾ ਸਾਮਾਨ ਕਬਜੇ ਵਿਚ ਲੈ ਲਿਆ ਹੈ।
ਦਿਪੇਸ਼ ਕੁਮਾਰ ਨਿਵਾਸੀ ਰਾਜਪੁਰਾ, ਹਰਪ੍ਰੀਤ ਸਿੰਘ ਨਿਵਾਸੀ ਥੂਆ, ਬੱਚੀ, ਅਮਰੀਕ ਸਿੰਘ ਨਿਵਾਸੀ ਖਾਨਪੁਰ ਖੁਰਦ ਅਤੇ ਅਮਿਤ ਕੁਮਾਰ ਸਮੇਤ ਅਣਪਛਾਤੇ ਦੋਸ਼ੀਆਂ ਨੂੰ ਫੜ ਕੇ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਅਮਰੀਕ ਸਿੰਘ ਕਾਂਗਰਸੀ ਸਰਪੰਚ ਹੈ। ਮਾਮਲੇ ਵਿਚ ਨਾਮਜ਼ਦ ਕੀਤੇ ਲੋਕਾਂ ਦੇ ਕੁਝ ਵੱਡੇ ਕਾਂਗਰਸੀ ਨੇਤਾਵਾਂ ਦੇ ਨੇੜਲੇ ਹੋਣ ਨਾਲ ਪਾਰਟੀ ਵਿਚ ਹੜਕੰਪ ਮਚ ਗਿਆ ਹੈ। ਸੂਤਰਾਂ ਅਨੁਸਾਰ ਐਕਸਾਈਜ਼ ਵਿਭਾਗ ਤੇ ਪੁਲਿਸ ਵਲੋਂ ਮਾਮਲੇ ਵਿਚ ਨਾਮਜ਼ਦ ਲੋਕਾਂ ਦਾ ਨਾਂ ਕੁਝ ਸਾਲ ਪਹਿਲਾਂ ਵੀ ਭੋਂਗਲਾ ਰੋਡ ’ਤੇ ਇਕ ਸ਼ੈਲਰ ਵਿਚ ਨਕਲੀ ਸ਼ਰਾਬ ਦੇ ਕਾਰੋਬਾਰ ਵਿਚ ਵੀ ਆਇਆ ਸੀ। ਵੱਡੇ ਕਾਂਗਰਸੀ ਨੇਤਾਵਾਂ ਦੇ ਸਬੰਧਾਂ ਕਾਰਨ ਉਹ ਆਪਣਾ ਨਾਂ ਕਢਵਾਉਣ ਵਿਚ ਸਫਲ ਹੋ ਗਏ ਸਨ।ਮਨਪ੍ਰੀਤ ਸਿੰਘ ਡੀ. ਐੱਸ. ਪੀ. ਘਨੌਰ ਨੇ ਕਿਹਾ ਕਿ ਦੋਸ਼ੀ ਕਿਸੇ ਵੀ ਪਾਰਟੀ ਦਾ ਹੋਵੇ ਉਸ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਜਾਂਚ ਵਿਚ ਜੋ ਵੀ ਦੋਸ਼ੀ ਪਾਏ ਜਾਣਗੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।