2 deaths reported in Ludhiana : ਲੁਧਿਆਣਾ ਵਿਖੇ ਉਦੋਂ ਲੋਕਾਂ ਵਿਚ ਹੜਕੰਪ ਮਚ ਗਿਆ ਜਦੋਂ ਪਿਛਲੇ ਦਿਨੀਂ ਥਾਣਾ ਡਵੀਜ਼ਨ ਨੰਬਰ-5 ਤੇ ਥਾਣਾ ਜੀ. ਆਰ. ਪੀ. ਇਲਾਕਿਆਂ ਵਿਚ ਮਿਲੀਆਂ ਲਾਸ਼ਾਂ ਦੀ ਰਿਪੋਰਟ ਪਾਜੀਟਿਵ ਆਈ। ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਤਕ ਪਹੁੰਚਾਉਣ ਵਾਲੇ ਵਿਅਕਤੀਆਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇਸੇ ਤਰ੍ਹਾਂ ਜਨਕਪੁਰੀ ਇਲਾਕੇ ਵਿਚ ਜਿਥੇ 15 ਸਾਲਾ ਵਿਅਕਤੀ ਕਤਲ ਕਰਕੇ ਸੁੱਟਿਆ ਗਿਆ ਸੀ, ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਆਈ ਹੈ। ਰਿਪੋਰਟ ਆਉਂਦੇ ਹੀ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ।
ਸਿਹਤ ਵਿਭਾਗ ਵਲੋਂ 8 ਪੁਲਿਸ ਮੁਲਾਜ਼ਮਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਹਨ ਅਤੇ ਉਨ੍ਹਾਂ ਨੂੰ ਏਕਾਂਤਵਾਸ ਵਿਚ ਰੱਖਿਆ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ SHO ਰਿਚਾ ਨੇ ਦੱਸਿਆ ਕਿ ਚੌਕੀ ਬੱਲ ਅੱਡਾ ਦੇ ਇੰਚਾਰਜ ਨਾਲ 4 ਏ. ਐੱਸ. ਆਈ., 1 ਸਬ-ਇੰਸਪੈਕਟਰ, 2 ਕਾਂਸਟੇਬਲ ਤੇ 1 ਹੋਮਗਾਰਡ ਨੂੰ ਏਕਾਂਤਵਾਸ ਵਿਚ ਰੱਖਿਆ ਗਿਆ ਹੈ । ਇਨ੍ਹਾਂ ਮੁਲਾਜ਼ਮਾਂ ਵਲੋਂ ਲਾਸ਼ ਕਬਜੇ ਵਿਚ ਲੈ ਕੇ ਜਾਂਚ ਕੀਤੀ ਗਈ ਸੀ। ਇਸ ਲਈ ਇਨ੍ਹਾਂ ਦੇ ਸੈਂਪਲ ਟੈਸਟ ਲਈ ਬੇਜੇ ਗਏ ਹਨ। ਰਿਪੋਰਟ ਪਾਜੀਟਿਵ ਆਉਣ ਨਾਲ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ ਕਿਉਂਕਿ ਅਜੇ ਤਕ ਲਾਸ਼ ਦਾ ਪੋਸਟਮਾਰਟਮ ਨਹੀਂ ਹੋਇਆ ਤੇ ਜੇਕਰ ਪੋਸਟਮਾਰਟਮ ਨਾ ਹੋਇਆ ਤਾਂ ਮੌਤ ਦੇ ਕਾਰਨਾਂ ਦਾ ਪਤਾ ਕਰਨਾ ਮੁਸ਼ਕਲ ਹੈ।
ਜਨਕਪੁਰੀ ਵਿਖੇ ਜਿਹੜੇ ਵਿਦਿਆਰਥੀ ਦੀ ਲਾਸ਼ ਮਿਲੀ ਸੀ, ਉਸ ਦੇ ਪਰਿਵਾਰਕ ਮੈਂਬਰਾਂ ਵਿਚ ਪਿਤਾ ਰਾਜੇਸ਼ ਕੁਮਾਰ, ਮਾਤਾ ਸੰਜੂ, ਭਰਾ ਅਜੀਤ ਤੇ ਭੈਣ ਕੋਮਲ, ਰਿਸ਼ਤੇਦਾਰ ਰਾਕੇਸ਼ ਅਤੇ ਉਸ ਦੀ ਪਤਨੀ ਨੀਤੂ ਤੇ ਲੜਕੀ ਰੀਆ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਐੱਸ. ਐੱਚ. ਓ. ਰਿਚਾ ਅਨੁਸਾਰ ਅਹਿਤਿਆਤ ਦੇ ਤੌਰ ‘ਤੇ ਸਾਰਿਆਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਜਦਕਿ ਘਟਨਾ ਮੌਕੇ ਅਫਸਰ ਲਾਸ਼ ਦੇ ਨੇੜੇ ਨਹੀਂ ਗਏ ਹਨ।