India surpasses China tally: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ । ਹੁਣ ਭਾਰਤ ਇਸ ਵਾਇਰਸ ਦੇ ਸਭ ਤੋਂ ਵਧੇਰੇ ਅੰਕੜਿਆਂ ਵਾਲੇ ਦੇਸ਼ਾਂ ਦੀ ਸੂਚੀ ਵਿੱਚ 11ਵੇਂ ਨੰਬਰ ਦੇ ਨਾਲ ਹੀ ਚੀਨ ਤੋਂ ਅੱਗੇ ਨਿਕਲ ਗਿਆ ਹੈ । ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 3970 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 85,940 ਹੋ ਗਈ ਹੈ , ਜਦਕਿ ਮ੍ਰਿਤਕਾਂ ਦਾ ਅੰਕੜਾ 2752 ‘ਤੇ ਪਹੁੰਚ ਗਿਆ ਹੈ ।
ਦੱਸ ਦੇਈਏ ਕਿ ਸਭ ਤੋਂ ਪਹਿਲਾਂ ਚੀਨ ਵਿੱਚ ਹੀ ਇਸ ਵਾਇਰਸ ਨੇ ਤੇਜ਼ੀ ਨਾਲ ਆਪਣੇ ਪੈਰ ਪਸਾਰੇ ਸਨ । ਚੀਨ ਵਿੱਚ ਹੁਬੇਈ ਸੂਬੇ ਦੇ ਵੁਹਾਨ ਵਿੱਚ ਦਸੰਬਰ 2019 ਦੇ ਮੱਧ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਨੇ ਹੁਣ ਤੱਕ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਹੈ । ਜ਼ਿਕਰਯੋਗ ਹੈ ਕਿ ਚੀਨ ਵਿੱਚ ਇਸ ਵਾਇਰਸ ਕਾਰਨ ਹੁਣ ਤੱਕ 84,038 ਲੋਕ ਪੀੜਤ ਹੋਏ ਹਨ ਅਤੇ 4637 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜੇਕਰ ਭਾਰਤ ਅਤੇ ਚੀਨ ਦੀ ਤੁਲਨਾ ਕੀਤੀ ਜਾਵੇ ਤਾਂ ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਚੀਨ ਤੋਂ ਵੱਧ ਹੈ ਪਰ ਇੱਥੇ ਵਾਇਰਸ ਨਾਲ ਹੋਈਆਂ ਮੌਤਾਂ ਦਾ ਗ੍ਰਾਫ ਘੱਟ ਹੈ । ਚੀਨ ਵਿਚ 4637 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਭਾਰਤ ਵਿਚ ਇਹ ਗਿਣਤੀ 2752 ਹੈ ।
ਦਰਅਸਲ, ਚੀਨ ਵਿੱਚ ਹੁਣ ਕੋਰੋਨਾ ਦੇ ਮਰੀਜ਼ ਦੁਬਾਰਾ ਮਿਲ ਰਹੇ ਹਨ । ਲੰਬੇ ਸਮੇਂ ਤੋਂ ਪਹਿਲੀ ਵਾਰ ਨਵੇਂ ਕੇਸਾਂ ਦੀ ਰਿਪੋਰਟ ਆਉਣ ਤੋਂ ਬਾਅਦ ਚੀਨ ਦੇ ਸ਼ਹਿਰ ਵੁਹਾਨ ਨੇ ਪਿਛਲੇ ਹਫਤੇ ਵਿੱਚ ਸ਼ਹਿਰ ਦੀ 1.10 ਕਰੋੜ (11 ਮਿਲੀਅਨ) ਆਬਾਦੀ ਦਾ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ ।