The US administration will : ਅਮਰੀਕੀ ਪ੍ਰਸ਼ਾਸਨ ਵੱਲੋਂ 19 ਮਈ ਨੂੰ ਇਕ ਵਿਸ਼ੇਸ਼ ਉਡਾਨ ਰਾਹੀਂ 161 ਗ਼ੈਰ–ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਡੀਪੋਰਟ ਕਰ ਕੇ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। ਇਨ੍ਹਾਂ ਵਿੱਚੋਂ 56 ਪੰਜਾਬੀ ਤੇ 76 ਹਰਿਆਣਵੀ ਹੋਣਗੇ, ਭਾਵ ਪੰਜਾਬ ਤੇ ਹਰਿਆਣਾ ਤੋਂ 132 ਜਣੇ ਹੋਣਗੇ। ਅਮਰੀਕੀ ਪ੍ਰਸ਼ਾਸਨ ਨੇ ਇਹ ਕਾਰਵਾਈ ‘ਸਪੈਸ਼ਲ ਹਾਈ–ਰਿਸਕ ਚਾਰਟਰ’ (SHRC) ਮਿਸ਼ਨ ਰਾਹੀਂ ਕੀਤੀ ਗਈ ਹੈ। ਦਰਅਸਲ, ਰਾਸ਼ਟਰਪਤੀ ਸ਼੍ਰੀ ਡੋਨਾਲਡ ਟਰੰਪ ਨੇ ਹੁਣ ਗ਼ੈਰ–ਕਾਨੂੰਨੀ ਪ੍ਰਵਾਸੀਆਂ ਨਾਲ ਸਖ਼ਤੀ ਵਰਤਣ ਦੇ ਹੁਕਮ ਜਾਰੀ ਕੀਤੇ ਹੋਏ ਹਨ। ਇਸੇ ਲਈ ਹੁਣ ਅਜਿਹੇ ਗ਼ੈਰ–ਕਾਨੂੰਨੀ ਵਿਦੇਸ਼ੀਆਂ ਨੂੰ ਛੇਤੀ ਤੋਂ ਛੇਤੀ ਡੀਪੋਰਟ ਕੀਤਾ ਜਾ ਰਿਹਾ ਹੈ।
ਅਮਰੀਕਾ ਤੋਂ ਡੀਪੋਰਟ ਹੋ ਕੇ ਆਏ ਇਨ੍ਹਾਂ ਗ਼ੈਰ–ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ 14 ਦਿਨਾਂ ਲਈ ਲਾਜ਼ਮੀ ਤੌਰ ’ਤੇ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ। ਪੰਜਾਬ ਦੇ ਐੱਨਆਰਆਈ ਮਾਮਲਿਆਂ ਦੇ ਸਕੱਤਰ ਸ਼੍ਰੀ ਰਾਹੁਲ ਭੰਡਾਰੀ ਨੇ ਦੱਸਿਆ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਉਨ੍ਹਾਂ ਹੀ ਜ਼ਿਲ੍ਹਿਆਂ ਵਿੱਚ ਕੁਆਰੰਟੀਨ ਕੀਤਾ ਜਾਵੇਗਾ, ਜਿੱਥੋਂ ਦੇ ਉਹ ਮੂਲ ਵਸਨੀਕ ਹੋਣਗੇ ਅਤੇ ਹਰਿਆਣਾ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਆਪਣੇ ਸੂਬੇ ਦੇ ਜ਼ਿਲ੍ਹਿਆਂ ਵਿੱਚ ਹੀ ਕੁਆਰੰਟੀਨ ਕੀਤਾ ਜਾਵੇਗਾ। ਪੰਜਾਬ ਦੇ 56 ਤੇ ਹਰਿਆਣਾ ਦੇ 76 ਗ਼ੈਰ–ਕਾਨੂੰਨੀ ਪ੍ਰਵਾਸੀ ਮੰਗਲਵਾਰ 19 ਮਈ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਣਗੇ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਨਵੀਂ ਦਿੱਲੀ ਪੁੱਜੀ ਇੱਕ ਚਿੱਠੀ ’ਚ ਕਿਹਾ ਗਿਆ ਹੈ ਕਿ ਇਹ ਸਾਰੇ ਗ਼ੈਰ–ਕਾਨੂੰਨੀ ਪ੍ਰਵਾਸੀ ਟੈਕਸਾਸ, ਏਰੀਜ਼ੋਨਾ, ਕੈਲੀਫ਼ੋਰਨੀਆ, ਨਿਊ ਯਾਰਕ ਤੇ ਵਾਸ਼ਿੰਗਟਨ ਦੇ ਹਿਰਾਸਤ ਕੇਂਦਰਾਂ ਵਿੱਚ ਸਨ। ਇਨ੍ਹਾਂ ਵਿੱਚ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਗੋਆ, ਗੁਜਰਾਤ, ਮਹਾਰਾਸ਼ਟਰ, ਕੇਰਲ ਤੇ ਤਾਮਿਲ ਨਾਡੂ ਦੇ ਵਸਨੀਕ ਹਨ।
ਹਰਿਆਣਾ ਦੇ ਅਧਿਕਾਰੀਆਂ ਨੇ ਵੀ ਇਨ੍ਹਾਂ ਪ੍ਰਵਾਸੀਆਂ ਦੇ ਕੁਆਰੰਟੀਨ ਲਈ ਇੰਤਜ਼ਾਮ ਪਹਿਲਾਂ ਤੋਂ ਹੀ ਕਰ ਲਏ ਹਨ। ਆਉਂਦੀ 19 ਮਈ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜਣ ਵਾਲੇ ਯਾਤਰੀਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹੋਣਗੀਆਂ; ਜਿਨ੍ਹਾਂ ਵਿੱਚੋਂ ਦੋ ਹਰਿਆਣਾ ਦੇ ਕੈਥਲ ਜ਼ਿਲ੍ਹੇ ਤੇ ਕੁਰੂਕਸ਼ੇਤਰ ਜ਼ਿਲ੍ਹੇ ਦੀਆਂ ਅਤੇ ਇੱਕ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੀ ਹੈ। ਇਨ੍ਹਾਂ ਤੋਂ ਇਲਾਵਾ 15 ਜਣਿਆਂ ਦੀ ਉਮਰ 20 ਸਾਲ ਜਾਂ ਉਸ ਤੋਂ ਘੱਟ ਹੈ ਤੇ ਸਭ ਤੋਂ ਵੱਡੀ ਉਮਰ ਦਾ ਡੀਪੋਰਟੀ ਪੰਜਾਬ ਦੇ ਹੁਸ਼ਿਆਰਪੁਰ ਦਾ 59 ਸਾਲਾ ਵਿਅਕਤੀ ਹੈ।