Coronavirus Lockdown 4.0: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਲਾਕਡਾਊਨ ਦਾ ਵਧਣਾ ਤੈਅ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ 30 ਜ਼ਿਲ੍ਹਿਆਂ ਵਿੱਚ ਸਖਤ ਲਾਕਡਾਊਨ ਜਾਰੀ ਰਹਿ ਸਕਦਾ ਹੈ। ਇਹ ਉਹ ਖੇਤਰ ਹਨ ਜਿੱਥੇ ਕੋਰੋਨਾ ਨੇ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੋਈ ਹੈ । ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ, ਔਰੰਗਾਬਾਦ, ਪੁਣੇ, ਪਾਲਘਰ, ਸੋਲਾਪੁਰ, ਨਾਸਿਕ ਅਤੇ ਠਾਣੇ ਵਿੱਚ ਲਾਕਡਾਊਨ ਸਖਤੀ ਨਾਲ ਜਾਰੀ ਰਹੇਗਾ ।
ਇਸ ਦੇ ਨਾਲ ਹੀ ਤਾਮਿਲਨਾਡੂ ਦੇ ਕੂਦਾਲੌਰ, ਚੇਂਗਲਪੱਟੂ, ਅਰਿਆਲੂਰ, ਵਿੱਲੂਪੁਰਮ, ਤਿਰੂਵੱਲੂਰ ਅਤੇ ਗ੍ਰੇਟਰ ਚੇਨਈ ਜ਼ਿਲ੍ਹਿਆਂ ਵਿੱਚ ਲਾਕਡਾਊਨ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ । ਇਸ ਤੋਂ ਇਲਾਵਾ ਗੁਜਰਾਤ ਦੇ ਅਹਿਮਦਾਬਾਦ, ਵਡੋਦਰਾ ਅਤੇ ਸੂਰਤ ਵਿੱਚ ਵੀ ਸਖਤ ਲਾਕਡਾਊਨ ਜਾਰੀ ਰਹੇਗਾ । ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਵੀ ਇਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਇਹ ਤੈਅ ਹੈ ਕਿ ਇੱਥੇ ਛੋਟ ਮਿਲਣ ਦੀ ਘੱਟ ਸੰਭਾਵਨਾ ਹੈ ।
ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਭੋਪਾਲ, ਇੰਦੌਰ, ਪੱਛਮੀ ਬੰਗਾਲ ਵਿੱਚ ਹਾਵੜਾ, ਕੋਲਕਾਤਾ, ਰਾਜਸਥਾਨ ਦੇ ਜੈਪੁਰ, ਜੋਧਪੁਰ, ਉਦੈਪੁਰ, ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਮੇਰਠ, ਆਂਧਰਾ ਪ੍ਰਦੇਸ਼ ਦੇ ਕੁਰਨੂਲ, ਤੇਲੰਗਾਨਾ ਵਿੱਚ ਗ੍ਰੇਟਰ ਹੈਦਰਾਬਾਦ, ਪੰਜਾਬ ਵਿੱਚ ਅੰਮ੍ਰਿਤਸਰ ਅਤੇ ਉੜੀਸਾ ਦੇ ਬਰਮਪੁਰ ਵਿੱਚ ਸਖਤ ਲਾਕਡਾਊਨ ਜਾਰੀ ਰਹੇਗਾ ।
ਜ਼ਿਕਰਯੋਗ ਹੈ ਕਿ ਲਾਕਡਾਊਨ 3.0 ਦੀ ਮਿਆਦ 17 ਮਈ ਯਾਨੀ ਕਿ ਅੱਜ ਖਤਮ ਹੋ ਰਹੀ ਹੈ । ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਆਪਣੇ ਸੰਬੋਧਨ ਵਿੱਚ ਸਪੱਸ਼ਟ ਕੀਤਾ ਸੀ ਕਿ ਦੇਸ਼ ਵਿੱਚ ਲਾਕਡਾਊਨ ਜਾਰੀ ਰਹੇਗਾ, ਪਰ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਕਿੰਨਾ ਚਿਰ ਰਹੇਗਾ । ਮਿਲੀ ਜਾਣਕਾਰੀ ਅਨੁਸਾਰ ਸਰਕਾਰ ਲਾਕਡਾਊਨ ਨੂੰ ਹੋਰ ਦੋ ਹਫਤਿਆਂ ਲਈ ਵਧਾ ਸਕਦੀ ਹੈ । ਇਹ 31 ਮਈ ਤੱਕ ਲਾਗੂ ਰਹੇਗਾ ।
ਦੱਸ ਦੇਈਏ ਕਿ ਲਾਕਡਾਊਨ ਦੇ ਚੌਥੇ ਪੜਾਅ ਵਿੱਚ ਆਟੋ, ਬੱਸ ਅਤੇ ਕੈਬ ਸੇਵਾ ਦੀ ਆਗਿਆ ਦਿੱਤੀ ਜਾ ਸਕਦੀ ਹੈ । ਹਾਲਾਂਕਿ, ਇਹ ਪਾਬੰਦੀਆਂ ਕੰਟੈਨਮੈਂਟ ਜ਼ੋਨ ਵਿੱਚ ਜਾਰੀ ਰਹਿਣਗੀਆਂ । ਉੱਥੇ ਹੀ ਲਾਲ ਜ਼ੋਨ ਨੂੰ ਮੁੜ ਪ੍ਰਭਾਸ਼ਿਤ ਕੀਤਾ ਜਾਵੇਗਾ । ਈ-ਕਾਮਰਸ ਵੈਬਸਾਈਟ ਨੂੰ ਗੈਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ । ਹੁਣ ਤੱਕ ਜਿੱਥੇ ਸਿਰਫ 33 ਪ੍ਰਤੀਸ਼ਤ ਕਰਮਚਾਰੀਆਂ ਨੂੰ ਦਫਤਰਾਂ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਦੀ ਆਗਿਆ ਸੀ, ਇਸ ਨੂੰ ਵਧਾ ਕੇ 50 ਪ੍ਰਤੀਸ਼ਤ ਕੀਤਾ ਜਾ ਸਕਦਾ ਹੈ ।