98 year old Mata : ਮੋਗਾ ਦੀ ਮਾਤਾ ਗੁਰਦੇਵ ਕੌਰ ਜੋ ਕਿ 98 ਸਾਲ ਦੀ ਹੈ ਪਰ ਇਸ ਉਮਰ ਵਿਚ ਵੀ ਉਨ੍ਹਾਂ ਨੇ ਮਾਸਕ ਬਣਾ ਕੇ ਲੋਕਾਂ ਦੀ ਸੇਵਾ ਕਰਕੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੇ ਇਸੇ ਕੰਮ ਲਈ ਮੋਗਾ ਪੁਲਿਸ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਲੌਕਡਾਊਨ ਦੌਰਾਨ ਉਨ੍ਹਾਂ ਨੇ ਆਪਣੇ ਹੱਥ ਨਾਲ ਮਾਸਕ ਬਣਾਏ ਅਤੇ ਲੋਕਾਂ ਨੂੰ ਵੰਡੇ। ਇਸ ਲਈ ਉਨ੍ਹਾਂ ਨੂੰ ਜਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਤੇ ਐੱਸ. ਆ. ਦਵਿੰਦਰ ਸਿੰਘ, ਰੀਡਰ ਐੱਸ. ਐੱਸ. ਪੀ. ਮੋਗਾ, ਸੁਖਰਾਜ ਸਿੰਘ, ਏ. ਐੱਸ. ਆ., ਐੱਚ. ਸੀ. ਜਸਵੀਰ ਸਿੰਘ ਬਾਵਾ ਵਲੋਂ ਸਨਮਾਨਿਤ ਕੀਤਾ ਗਿਆ ਹੈ।
ਕੋਰੋਨਾ ਦਾ ਕਹਿਰ ਪੂਰੇ ਵਿਸ਼ਵ ਵਿਚ ਫੈਲਿਆ ਹੋਇਆ ਹੈ ਤੇ ਅਜੇ ਤਕ ਇਸ ਨੂੰ ਕਟੰਰੋਲ ਕਰਨ ਲਈ ਕੋਈ ਵੈਕਸੀਨ ਵੀ ਨਹੀਂ ਬਣਿਆ ਹੈ। ਅਜਿਹੀ ਸਥਿਤੀ ਵਿਚ ਅਸੀਂ ਸਿਰਫ ਮਾਸਕ ਪਾ ਕੇ ਹੀ ਆਪਣਾ ਬਚਾਅ ਇਸ ਬੀਮਾਰੀ ਤੋਂ ਕਰ ਸਕਦੇ ਹਾਂ ਪਰ ਕੁਝ ਲੋਕਾਂ ਕੋਲ ਮਾਸਕ ਖਰੀਦਣ ਲਈ ਵੀ ਪੈਸੇ ਨਹੀਂ ਹਨ। ਅਜਿਹੇ ਵਿਚ 98 ਸਾਲਾ ਮਾਤਾ ਗੁਰਦੇਵ ਕੌਰ ਨੇ ਆਪਣੇ ਹੱਥ ਨਾਲ ਮਾਸਕ ਬਣਾਏ ਅਤੇ ਇਨ੍ਹਾਂ ਨੂੰ ਗਰੀਬ ਲੋਕਾਂ ਵਿਚ ਵੰਡਿਆ। ਮਾਤਾ ਗੁਰਦੇਵ ਕੌਰ ਮੋਗਾ ਸ਼ਹਿਰ ਦੇ ਅਕਲਾਸਰ ਰੋਡ ‘ਤੇ ਰਹਿੰਦੇ ਹਨ। ਉਨ੍ਹਾਂ ਦੀ ਇਕ ਅੱਖ ਦੀ ਰੌਸ਼ਨੀ ਥੋੜ੍ਹੀ ਧੁੰਦਲੀ ਹੋ ਚੁੱਕੀ ਹੈ ਤੇ ਇਕ ਅੱਖ ਦਾ ਆਪ੍ਰੇਸ਼ਨ ਵੀ ਉਨ੍ਹਾਂ ਨੇ ਕਰਵਾਇਆ ਹੋਇਆ ਹੈ ਪਰ ਲੌਕਡਾਊਨ ਦੌਰਾਨ ਆਪਣੇ ਸਾਰੇ ਦੁੱਖ-ਦਰਦਾਂ ਨੂੰ ਭੁੱਲ ਕੇ ਮਾਤਾ ਗੁਰਦੇਵ ਕੌਰ ਮਾਸਕ ਬਣਾ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ।
ਮਾਤਾ ਗੁਰਦੇਵ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਘਰਾਂ ਵਿਚ ਰਹਿ ਕੇ ਇਸ ਬੀਮਾਰੀ ਤੋਂ ਬਚੋ। ਬਿਨਾਂ ਵਜ੍ਹਾ ਘਰ ਤੋਂ ਬਾਹਰ ਨਾ ਨਿਕਲੋ। ਮਾਸਕ ਪਹਿਨੋ ਅਤੇ ਪ੍ਰਸ਼ਾਸਨ ਵਲੋਂ ਦੱਸੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ ਤਾਂ ਜੋ ਇਸ ਬੀਮਾਰੀ ਤੋਂ ਨਿਜਾਤ ਪਾਈ ਜਾ ਸਕੇ। ਉਂਝ ਪਿਛਲੇ ਕੁਝ ਦਿਨਾਂ ਤੋਂ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਕੁਝ ਕਮੀ ਆਈ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਸਾਰੇ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ।