World Hypertension day 2020: ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ ਵਿਚਕਾਰ ਅਜਿਹੀਆਂ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਹਨ ਜਿਨ੍ਹਾਂ ਤੋਂ ਲੋਕਾਂ ਦਾ ਪੂਰੀ ਤਰ੍ਹਾਂ ਧਿਆਨ ਹਟ ਗਿਆ ਹੈ। ਪਰ ਇਹ ਸਿਹਤ ਸਮੱਸਿਆਵਾਂ ਹਰ ਸਾਲ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਦੀਆਂ ਹਨ। ਅਜਿਹੀ ਇੱਕ ਮੈਡੀਕਲ ਕੰਡੀਸ਼ਨ ਹਾਈਪਰਟੈਨਸ਼ਨ ਹੈ ਜਿਸ ਦੇ ਬਾਰੇ ‘ਚ ਜੇਕਰ ਸਹੀ ਸਮੇਂ ‘ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ। ਸਿਰਫ ਇਹ ਹੀ ਨਹੀਂ ਹਰ ਚਾਰ ਵਿਅਕਤੀਆਂ ਵਿਚੋਂ ਇਕ ਨੂੰ ਹਾਈਪਰਟੈਨਸ਼ਨ ਦੀ ਸਮੱਸਿਆ ਹੈ ਪਰ ਉਹਨਾਂ ਨੂੰ ਨਾ ਤਾਂ ਇਸ ਦੇ ਲੱਛਣਾਂ ਬਾਰੇ ਪਤਾ ਹੁੰਦਾ ਅਤੇ ਨਾ ਹੀ ਉਹ ਇਸ ਤੋਂ ਸੁਚੇਤ ਹੁੰਦੇ ਹਨ। ਆਓ ਜਾਣਦੇ ਹਾਂ ਵਿਸ਼ਵ ਹਾਈਪਰਟੈਨਸ਼ਨ ਡੇਅ 2020 ਤੇ ਹਾਈਪਰਟੈਨਸ਼ਨ ਨਾਲ ਜੁੜੀ ਹਰ ਜਾਣਕਾਰੀ ਬਾਰੇ…
ਹਾਈਪਰਟੈਨਸ਼ਨ ਹੁੰਦਾ ਕੀ ਹੈ: ਹਾਈਪਰਟੈਨਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਇੱਕ ਗੰਭੀਰ ਡਾਕਟਰੀ ਸਥਿਤੀ ਹੈ ਜੋ ਦਿਲ ਦੇ ਦੌਰੇ, ਸਟ੍ਰੋਕ, ਕਿਡਨੀ ਫੇਲ੍ਹ ਹੋਣਾ ਅਤੇ ਅੰਨ੍ਹੇਪਣ ਦੇ ਖ਼ਤਰੇ ਨੂੰ ਵਧਾਉਂਦੀ ਹੈ। ਇਹ ਦੁਨੀਆ ਭਰ ਵਿੱਚ ਸਮੇਂ ਤੋਂ ਪਹਿਲਾਂ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। WHO ਦੇ ਅਨੁਸਾਰ ਵਿਸ਼ਵ ਭਰ ਵਿੱਚ 1.13 ਬਿਲੀਅਨ ਲੋਕਾਂ ਨੂੰ ਹਾਈਪਰਟੈਨਸ਼ਨ ਹੈ। ਹਾਈਪਰਟੈਨਸ਼ਨ ਦੇ ਮੁੱਖ ਕਾਰਨ ਹਨ ਖ਼ਰਾਬ ਖਾਣਾ-ਪੀਣਾ, ਕਸਰਤ ਨਾ ਕਰਨਾ, ਸ਼ਰਾਬ ਅਤੇ ਤੰਬਾਕੂ ਪੀਣਾ।
ਕਿਉਂ ਮਨਾਇਆ ਜਾਂਦਾ: ਵਿਸ਼ਵ ਹਾਈਪਰਟੈਨਸ਼ਨ ਦਿਵਸ ਪੂਰੀ ਦੁਨੀਆ ਦੇ ਲੋਕਾਂ ਨੂੰ ਇਸ ਤੋਂ ਜਾਣੂ ਕਰਵਾਉਣ ਲਈ ਮਨਾਇਆ ਜਾਂਦਾ ਹੈ। ਇਸ ਵਾਰ ਵਿਸ਼ਵ ਹਾਈਪਰਟੈਨਸ਼ਨ ਦਿਵਸ ‘ਤੇ ਇਸ ਦਾ ਵਿਸ਼ਾ ਹੈ “ਆਪਣੇ ਬਲੱਡ ਪ੍ਰੈਸ਼ਰ ਨੂੰ ਮਾਪੋ, ਇਸ ਨੂੰ ਕੰਟਰੋਲ ਕਰੋ ਅਤੇ ਲੰਬਾ ਸਮਾਂ ਜੀਓ ( Measure your blood pressure, control it and live longer)”. ਇਸਦਾ ਅਰਥ ਇਹ ਹੈ ਕਿ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰੋ, ਇਸ ਨੂੰ ਕੰਟਰੋਲ ਕਰੋ ਅਤੇ ਲੰਬਾ ਸਮਾਂ ਜੀਓ। WHO ਦੇ ਅਨੁਸਾਰ ਚਾਰ ਮਰਦਾਂ ਵਿੱਚੋਂ ਇੱਕ ਅਤੇ ਹਰ ਪੰਜ ਵਿੱਚ ਇੱਕ ਔਰਤ ਨੂੰ ਹਾਈਪਰਟੈਨਸ਼ਨ ਹੁੰਦਾ ਹੈ। ਫਿਰ ਵੀ ਲੋਕ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ।
ਹਾਈਪਰਟੈਨਸ਼ਨ ਦੇ ਲੱਛਣ
- ਭਿਆਨਕ ਸਿਰ ਦਰਦ
- ਥਕਾਵਟ ਜਾਂ ਵਹਿਮ
- ਦੇਖਣ ‘ਚ ਸਮੱਸਿਆ ਮਹਿਸੂਸ ਹੋਣੀ
- ਛਾਤੀ ਵਿੱਚ ਦਰਦ
- ਸਾਹ ਲੈਣ ਵਿਚ ਮੁਸ਼ਕਲ
- ਅਚਾਨਕ ਦਿਲ ਦੀ ਧੜਕਣ ਵੱਧ ਜਾਣਾ
- ਯੂਰਿਨ ‘ਚ ਬਲੱਡ ਆਉਣਾ
ਬਲੱਡ ਪ੍ਰੈਸ਼ਰ ਦਾ ਇਹ ਲੈਵਲ ਅਲਾਰਮ ਦੀ ਘੰਟੀ: ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਬਚਣ ਲਈ ਨਿਯਮਿਤ ਬਲੱਡ ਪ੍ਰੈਸ਼ਰ ਜਾਂਚ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਮੇਂ ਦੌਰਾਨ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ 140/90 ਆ ਰਿਹਾ ਹੈ ਉਨ੍ਹਾਂ ਨੂੰ ਬਿਨਾਂ ਦੇਰੀ ਕੀਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬਲੱਡ ਪ੍ਰੈਸ਼ਰ ਦਾ ਇਹ ਲੈਵਲ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਬਲੱਡ ਪ੍ਰੈਸ਼ਰ ਦੀ ਜਾਂਚ: ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਵਿਚ ਹਾਈ ਬਲੱਡ ਪ੍ਰੈਸ਼ਰ ਦੀ ਕੋਈ ਸਮੱਸਿਆ ਨਹੀਂ ਹੈ। ਅਸਲ ਵਿੱਚ ਇਹ ਕਹਿਣਾ ਬਿਲਕੁਲ ਗਲਤ ਹੋ ਸਕਦਾ ਹੈ ਕਿਉਂਕਿ ਕੁਝ ਲੋਕਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੇ ਵਿਸ਼ੇਸ਼ ਲੱਛਣ ਨਹੀਂ ਹੁੰਦੇ। ਇਸ ਲਈ ਆਪਣੇ ਬਲੱਡ ਪ੍ਰੈਸ਼ਰ ਦੀ ਨਿਯਮਤ ਤੌਰ ‘ਤੇ ਜਾਂਚ ਕਰੋ। ਇਸ ਨੂੰ ਕੰਟਰੋਲ ਕਰਨ ਲਈ ਤੁਸੀਂ ਹੇਠਾਂ ਦੱਸੇ ਕੁਝ ਸੁਝਾਆਂ ਨੂੰ ਅਪਣਾ ਸਕਦੇ ਹੋ। ਜੇ ਸਥਿਤੀ ਗੰਭੀਰ ਹੈ ਤਾਂ ਤੁਹਾਨੂੰ ਜ਼ਰੂਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਬਚਣ ਲਈ ਟਿਪਸ
- ਨਮਕ ਦਾ ਜ਼ਿਆਦਾ ਸੇਵਨ ਨਾ ਕਰੋ।
- ਫਲ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ
- ਜੰਕ ਫੂਡ ਖਾਣ ਤੋਂ ਪਰਹੇਜ਼ ਕਰੋ
- ਤੰਬਾਕੂ ਅਤੇ ਸਮੋਕਿੰਗ ਬਿਲਕੁਲ ਨਾ ਕਰੋ
- ਸ਼ਰਾਬ ਦਾ ਸੇਵਨ ਨਾ ਕਰੋ
- ਰੋਜ਼ਾਨਾ ਕਸਰਤ ਕਰੋ
- ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਾਲਾ ਭੋਜਨ ਖਾਓ।
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕਰੋ ਇਹ
- ਡਾਕਟਰੀ ਇਲਾਜ ਦੀ ਵਰਤੋਂ ਕਰੋ ਅਤੇ ਡਾਕਟਰ ਦੀ ਸਲਾਹ ‘ਤੇ ਚੱਲੋ।
- ਡਾਕਟਰ ਦੁਆਰਾ ਦਿੱਤੀਆਂ ਜਾਂਦੀਆਂ ਦਵਾਈਆਂ ਨਿਯਮਿਤ ਰੂਪ ਵਿਚ ਲਓ।
- ਤਣਾਅ ਨੂੰ ਘਟਾਓ ਅਤੇ ਤਣਾਅ ਨੂੰ ਬਿਲਕੁਲ ਨਾ ਲੈਣ ਦੀ ਕੋਸ਼ਿਸ਼ ਕਰੋ।