The Captain demanded the Center : ਬੀਤੇ ਕੁਝ ਦਿਨਾਂ ਵਿਚ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਵਿਚ ਆਈ ਕਮੀ ਅਤੇ ਵੱਡੀ ਗਿਣਤੀ ਵਿਚ ਠੀਕ ਹੋਏ ਕੋਰੋਨਾ ਪੀੜਤਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 18 ਮਈ ਤੋਂ ਸੂਬੇ ਵਿਚ ਕਰਫਿਊ ਹਟਾਉਣ ਦਾ ਐਲਾਨ ਕੀਤਾ ਹੈ, ਜਿਸ ਦੌਰਾਨ 31 ਮਈ ਤੱਕ ਲੌਕਡਾਊਨ ਜਾਰੀ ਰਹੇਗਾ। ਇਸ ਦੌਰਾਨ ਗੈਰ-ਸੀਮਤ ਜ਼ੋਨਾਂ ਵਿਚ ਵੱਧ ਤੋਂ ਵੱਧ ਰਿਆਇਤਾਂ ਮਿਲਣ ਦੀ ਸੰਭਾਵਨਾ ਵੀ ਵਧ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੇਂਦਰ ਸਰਾਕਰ ਨੂੰ ਹਵਾਈ ਆਵਾਜਾਈ, ਟ੍ਰੇਨਾਂ ਅਤੇ ਅੰਤਰਰਾਜੀ ਬੱਸ ਸੇਵਾ ਘੱਟ ਗਿਣਤੀ ਮੁਸਾਫਰਾਂ ਦੀ ਸ਼ਰਤ ਨਾਲ ਸ਼ੁਰੂ ਕਰਨ ਦੀ ਸਿਫਾਰਿਸ਼ ਵੀ ਭੇਜੀ ਹੈ।
ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਮੁਸਾਫਰਾਂ ਦੀ ਘੱਟ ਸਮਰੱਥਾ ਦੀ ਸ਼ਰਤ ਨਾਲ ਅੰਤਰ-ਜ਼ਿਲਾ ਅਤੇ ਜ਼ਿਲਿਆਂ ਦੇ ਅੰਦਰ ਬੱਸ ਸੇਵਾ ਅਤੇ ਮੁਸਾਫਰਾਂ ਤੇ ਡਰਾਈਵਰ ਵਿਚਕਾਰ ਸਕ੍ਰੀਨ ਦੇ ਪ੍ਰਬੰਧਾਂ ਨਾਲ ਟੈਕਸੀ, ਕੈਬ, ਰਿਕਸ਼ਾ, ਆਟੋ ਰਿਕਸ਼ਾ ਘੱਟ ਗਿਣਤੀ ਮੁਸਾਰਾਂ ਦੀ ਸ਼ਰਤ ਨਾਲ ਮੁੜ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕੇਂਦਰ ਨੂੰ ਸਾਰੀ ਮਾਰਕੀਟ ਤੇ ਮਾਰਕੀਟ ਕੰਪਲੈਕਸਾਂ ਵਿਚ ਦੁਕਾਨਾਂ ਖੋਲ੍ਹਣ ਦੀ ਇਜ਼ਾਜ਼ਤ ਦੇਣ, ਸ਼ਹਿਰੀ ਖੇਤਰਾਂ ਵਿਚ ਬਿਨਾਂ ਕਿਸੇ ਪਾਬੰਦੀ ਦੇ ਉਦਯੋਗਾਂ ਅਤੇ ਨਿਰਮਾਣ ਕਾਰਜਾਂ ਦੀ ਉਸਾਰੀ ਅਤੇ ਨਾਲ ਹੀ ਸਾਰੀਆਂ ਵਸਤਾਂ ਲਈ ਈ-ਕਾਮਰਸ ਦੀ ਇਜਾਜ਼ਤ ਦੇਣ ਦਾ ਸੁਝਾਅ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਨਿੱਜੀ ਅਤੇ ਸਰਕਾਰੀ ਦੋਵਾਂ ਦਫਤਰਾਂ ਨੂੰ ਆਮ ਦਫਤਰੀ ਸਮੇਂ ਦੌਰਾਨ ਪੂਰੇ ਹਫਤੇ ਲਈ ਖੁੱਲ੍ਹਣ ਦੀ ਇਜਾਜ਼ਤ ਵੀ ਦਿੱਤੀ ਜਾ ਸਕੀ ਹੈ।
ਹਾਲਾਂਕਿ ਪੰਜਾਬ ਸਰਕਾਰ ਨੇ ਵਿੱਦਿਅਕ ਸੰਸਥਾਵਾਂ ਵਿਚ ਸੋਸ਼ਲ ਡਿਸਟੈਂਸਿੰਗ ਸੰਭਵ ਨਾ ਹੋਣ ਕਰਕੇ ਅਜੇ 31 ਮਈ ਤੱਕ ਖੋਲ੍ਹਣ ਤੋਂ ਮਨ੍ਹਾ ਕੀਤਾ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਇਕੱਠ ਜਿਵੇਂ ਸ਼ਾਪਿੰਗ ਮਾਲ, ਸਿਨੇਮਾ ਘਰ, ਵਿਆਹ ਆਦਿ ਸਮਾਜਿਕ, ਸਿਆਸੀ ਤੇ ਸੱਭਿਆਚਾਰ ਇਕੱਠ ਤੇ ਧਾਰਮਿਕ ਸਥਾਨਾਂ ’ਤੇ ਭੀੜ ਆਦਿ ’ਤੇ ਰੋਕ ਲਗਾਈ ਹੈ। ਕੈਪਟਨ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਤੱਕ ਵਿਅਕਤੀਆਂ ਦੀ ਆਵਾਜਾਈ ’ਤੇ ਕੋਈ ਪਾਬੰਦੀ ਲਾਉਣ ਦੇ ਹੱਕ ਵਿਚ ਨਹੀਂ ਹੈ।