India reports new cases: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ । ਦੇਸ਼ ਵਿੱਚ ਬੀਤੇ 24 ਘੰਟਿਆਂ ਵਿੱਚ ਕੋਵਿਡ-19 ਦੇ 4987 ਨਵੇਂ ਮਾਮਲੇ ਆਏ ਹਨ, ਜੋ ਕਿ ਇੱਕ ਦਿਨ ਵਿੱਚ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ । ਉੱਥੇ ਹੀ 24 ਘੰਟਿਆਂ ਵਿੱਚ 120 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ 90,927 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 2872 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਦੌਰਾਨ 34109 ਮਰੀਜ਼ ਇਲਾਜ ਤੋਂ ਬਾਅਦ ਠੀਕ ਵੀ ਹੋਏ ਹਨ ।
ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਮਹਾਂਰਾਸ਼ਟਰ ਵਿੱਚ ਸ਼ਨੀਵਾਰ ਨੂੰ 1606 ਮਾਮਲੇ ਦਰਜ ਕੀਤੇ ਗਏ ਹਨ । ਜਿਸ ਤੋਂ ਬਾਅਦ ਇੱਥੇ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 30,706 ਹੋ ਗਈ ਹੈ । ਇਸ ਤੋਂ ਬਾਅਦ ਗੁਜਰਾਤ ਦੇਸ਼ ਦਾ ਦੂਜਾ ਰਾਜ ਬਣ ਗਿਆ ਹੈ, ਜਿੱਥੇ ਸਭ ਤੋਂ ਵਧ ਕੋਰੋਨਾ ਦੇ ਮਾਮਲੇ ਪਾਏ ਗਏ । ਸ਼ਨੀਵਾਰ ਸ਼ਾਮ 5 ਵਜੇ ਤੱਕ ਗੁਜਰਾਤ ਵਿੱਚ 384 ਨਵੇਂ ਮਾਮਲੇ ਸਾਹਮਣੇ ਆਏ ।
ਸਿਹਤ ਮੰਤਰਾਲੇ ਅਨੁਸਾਰ ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 1135, ਗੁਜਰਾਤ ਵਿੱਚ 625, ਮੱਧ ਪ੍ਰਦੇਸ਼ ਵਿੱਚ 243, ਪੱਛਮੀ ਬੰਗਾਲ ਵਿੱਚ 232, ਰਾਜਸਥਾਨ ਵਿੱਚ 126, ਉੱਤਰ ਪ੍ਰਦੇਸ਼ ਵਿੱਚ 104, ਆਂਧਰਾ ਪ੍ਰਦੇਸ਼ ਵਿੱਚ 49, ਤਾਮਿਲਨਾਡੂ ਵਿੱਚ 74, ਤੇਲੰਗਾਨਾ ਵਿੱਚ 34 , ਕਰਨਾਟਕ ਵਿੱਚ 36, ਪੰਜਾਬ ਵਿੱਚ 37, ਜੰਮੂ ਕਸ਼ਮੀਰ ਵਿੱਚ 12, ਹਰਿਆਣਾ ਵਿੱਚ 13, ਬਿਹਾਰ ਵਿੱਚ 7, ਕੇਰਲ ਵਿੱਚ 4, ਝਾਰਖੰਡ ਵਿੱਚ 3, ਓਡੀਸ਼ਾ ਵਿੱਚ 3, ਚੰਡੀਗੜ੍ਹ ਵਿੱਚ 3, ਹਿਮਾਚਲ ਪ੍ਰਦੇਸ਼ ਵਿੱਚ 3, ਅਸਾਮ ਵਿੱਚ 2 ਅਤੇ ਮੇਘਾਲਿਆ ਵਿੱਚ ਇੱਕ ਮੌਤ ਹੋਈ ਹੈ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਿੰਨ ਪੜਾਵਾਂ ਵਿੱਚ ਲਾਗੂ ਕੀਤਾ 54 ਦਿਨਾਂ ਦਾ ਲਾਕਡਾਊਨ ਅੱਜ ਖ਼ਤਮ ਹੋਣ ਜਾ ਰਿਹਾ ਹੈ । ਲਾਕਡਾਊਨ ਦਾ ਚੌਥਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੇ ਲਈ ਕੇਂਦਰ ਸਰਕਾਰ ਅੱਜ ਦਿਸ਼ਾ ਨਿਰਦੇਸ਼ ਜਾਰੀ ਕਰੇਗੀ । ਪ੍ਰਧਾਨ ਮੰਤਰੀ ਮੋਦੀ ਨੇ ਆਖਰੀ ਵਾਰ ਦੇਸ਼ ਨੂੰ ਆਪਣੇ ਸੰਬੋਧਨ ਵਿੱਚ ਲਾਕਡਾਊਨ-4 ਦਾ ਐਲਾਨ ਕੀਤਾ ਸੀ । ਮੋਦੀ ਨੇ ਕਿਹਾ ਸੀ ਕਿ ਲਾਕਡਾਊਨ-4 ਇੱਕ ਨਵਾਂ ਰੂਪ ਵਾਲਾ ਹੋਵੇਗਾ ।