A Nihang was killed with : ਸੂਬੇ ਵਿਚ ਕ੍ਰਾਈਮ ਦੀਆਂ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਹਨ। ਕਲ ਰਾਤ ਸੁਲਤਾਨਪੁਰ ਲੋਧੀ ਵਿਖੇ ਨਿਹੰਗ ਸਿੰਘਾਂ ਦੇ ਗੁਰਦੁਆਰੇ ਵਿਖੇ ਦੋ ਗੁੱਟਾਂ ਵਿਚ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਇਸ ਵਿਚ ਨਿਹੰਗ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਧਿਰਾਂ ਵਿਚ ਕਿਸੇ ਗੱਲ ‘ਤੇ ਬਹਿਸਬਾਜੀ ਹੋ ਗਈ ਸੀ। ਬਹਿਸ ਦੇ ਕਾਰਨਾਂ ਦਾ ਅਜੇ ਤਕ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ। ਪਰ ਬਹਿਸ ਇੰਨੀ ਜਿਆਦਾ ਵਧ ਗਈ ਕਿ ਇਕ ਧਿਰ ਵਲੋਂ ਕੁਲਦੀਪ ਸਿੰਘ ਨਾਂ ਦੇ ਨਿਹੰਗ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿਚ ਉਹ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਉਸ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਅੱਜ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਕੁਲਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਅਜੇ ਕੁਝ ਮਹੀਨੇ ਪਹਿਲਾਂ ਹੀ ਕੁਲਦੀਪ ਸਿੰਘ ਇਥੇ ਆਇਆ ਸੀ। ਇਸ ਸਾਰੀ ਗੱਲ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ ‘ਤੇ ਪੁੱਜੀ ਅਤੇ ਉਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਫਰਾਰ ਹਨ ਤੇ ਜਲਦੀ ਹੀ ਪੁਲਿਸ ਵਲੋਂ ਮੁਲਜਮਾਂ ਨੂੰ ਫੜ ਲਿਆ ਜਾਵੇਗਾ। ਸੂਬੇ ਵਿਚ ਲੌਕਡਾਊਨ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਕੁਝ ਸ਼ਰਾਰਤੀ ਤੱਤਾਂ ਵਲੋਂ ਮੌਕੇ ਦਾ ਫਾਇਦਾ ਚੁੱਕ ਕੇ ਗਲਤ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਕਤਲ ਵਰਗੀਆਂ ਵਾਰਦਾਤਾਂ ਹੋ ਰਹੀਆਂ ਹਨ।