The second death in the state : ਸੂਬੇ ਵਿਚ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ ਹੋ ਗਈ। ਮ੍ਰਿਤਕ ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ ਦਾ ਰਹਿਣ ਵਾਲਾ ਹੈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਦੇ ਨਾਂ ਤੋਂ ਹੋਈ ਹੈ। ਮ੍ਰਿਤਕ ਜਲੰਧਰ ਦੇ ਹਸਪਤਾਲ ਵਿਚ ਭਰਤੀ ਸੀ ਜਿਥੇ ਹਾਲਤ ਗੰਭੀਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਸੂਬੇ ਵਿਚ ਇਕੋ ਦਿਨ ਵਿਚ 2 ਮੌਤਾਂ ਹੋਣ ਨਾਲ ਲੋਕਾਂ ਵਿਚ ਡਰ ਪਾਇਆ ਜਾ ਰਿਹਾ ਹੈ। ਲਖਵਿੰਦਰ ਸਿੰਘ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਕਿਡਨੀ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਭਰਤੀ ਕਰਵਾਇਆ ਗਿਆ ਸੀ। ਪਰ ਕੁਝ ਦੇਰ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਸੀ। ਕੋਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਉਸ ਦੇ ਕੋਰੋਨਾ ਟੈਸਟ ਲਏ ਗਏ ਸਨ ਤਾਂ ਜੋ ਅਹਿਤਿਆਤ ਵਰਤੀ ਜਾ ਸਕੇ। ਅੱਜ ਰਿਪੋਰਟ ਆਉਣ ਨਾਲ ਉਸ ਦੇ ਕੋਰੋਨਾ ਪਾਜੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਇਸ ਤੋਂ ਪਹਿਲਾਂ ਅੱਜ ਪਠਾਨਕੋਟ ਵਿਖੇ ਵੀ ਇਕ ਕੋਰੋਨਾ ਪਾਜੀਟਿਵ ਨਾਲ ਮੌਤ ਹੋਈ ਹੈ। ਉਹ ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਸੀ। ਉਸ ਨੂੰ ਸਾਹ ਲੈਣ ਵਿਚ ਤਕਲੀਫ ਸੀ। ਉਹ ਕਾਫੀ ਦਿਨਾਂ ਤੋਂ ਹਸਪਤਾਲ ਵਿਚ ਭਰਤੀ ਸੀ ਤੇ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਸ ਦੀ ਅੱਜ ਮੌਤ ਹੋ ਗਈ। ਇਸ ਤਰ੍ਹਾਂ ਸੂਬੇ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 38 ਤਕ ਪੁੱਜ ਚੁੱਕਾ ਹੈ। ਲਖਵਿੰਦਰ ਸਿੰਘ ਦਾ ਅੰਤਿਮ ਸਸਕਾਰ ਉਸ ਦੇ ਪਿੰਡ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਕੀਤਾ ਜਾਵੇਗਾ। ਪੰਜਾਬ ਸਰਕਾਰ ਵਲੋਂ ਅੱਜ ਤੋਂ ਕਰਫਿਊ ਖਤਮ ਕਰ ਦਿੱਤਾ ਗਿਆ ਹੈ ਤੇ 31 ਮਈ ਤਕ ਲੌਕਡਾਊਨ ਚੱਲੇਗਾ। ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਵਲੋਂ ਦੁਕਾਨਾਂ ਨੂੰ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ ਨਾਲ ਹੀ ਸੂਬੇ ਦੇ ਲੋਕਾਂ ਲਈ ਐਡਵਾਈਜਰੀ ਵੀ ਜਾਰੀ ਕੀਤੀ ਗਈ ਹੈ ਕਿ ਉਹ ਪ੍ਰਸ਼ਾਸਨ ਵਲੋਂ ਬਣਾਏ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਕੋਰੋਨਾ ਵਾਇਰਸ ਦੇ ਵਧਦੇ ਲਾਗ ਨੂੰ ਸਮਾਂ ਰਹਿੰਦੀਆਂ ਹੀ ਕੰਟਰੋਲ ਕੀਤਾ ਜਾ ਸਕੇ ਤੇ ਸਾਨੂੰ ਇਹ ਨਿਸ਼ਚਿਤ ਬਣਾਉਣਾ ਪਵੇਗਾ ਕਿ ਅਸੀਂ ਸਰਕਾਰ ਵਲੋਂ ਦਿੱਤੀ ਖੁੱਲ੍ਹ ਦਾ ਗਲਤ ਫਾਇਦਾ ਨਾ ਚੁੱਕੀਏ।