Chandigarh Education Department has directed : ਲੌਕਡਾਊਨ ਦੌਰਾਨ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਕੂਲ ਫੀਸਾਂ ਨਾ ਭਰਨ ਦੇ ਫੈਸਲੇ ਉਤੇ ਪਲਟੀ ਮਾਰ ਲਈ ਹੈ। ਯੂਟੀ ਦੇ ਸਿੱਖਿਆ ਵਿਭਾਗ ਨੇ ਹੁਣ ਕਿਹਾ ਹੈ ਕਿ ਪ੍ਰਾਈਵੇਟ ਸਕੂਲ ਅਪ੍ਰੈਲਤੇ ਮਈ ਮਹੀਨੇ ਦੀਆਂ ਟਿਊਸ਼ਨ ਫੀਸਾਂ ਲੈ ਸਕਦੇ ਹਨ ਤੇ ਇਹ ਫੀਸ 31 ਮਈ ਤਕ ਜਮ੍ਹਾਂ ਕਰਵਾਉਣੀ ਪਵੇਗੀ। ਇਹ ਵੀ ਕਿਹਾ ਗਿਆ ਹੈ ਕਿ ਸਕੂਲ ਜੂਨ ਮਹੀਨੇ ਤੋਂ ਹਰ ਮਹੀਨੇ ਦੀ ਟਿਊਸ਼ਨ ਫੀਸ ਲੈ ਸਕਦੇ ਹਨ ਤੇ ਮਾਪੇ ਉਨ੍ਹਾਂ ਨੂੰ ਹਰ ਮਹੀਨੇ ਦੀ ਫੀਸ 15 ਤਰੀਕ ਤੱਕ ਜਮ੍ਹਾਂ ਕਰਵਾ ਸਕਦੇ ਹਨ।
ਇਸ ਤੋਂ ਪਹਿਲਾਂ ਵਿਭਾਗ ਵੱਲੋਂ ਕਾਫੀ ਸਖਤੀ ਵਿਖਾਈ ਗਈ ਸੀ ਤੇ ਮਾਪਿਆਂ ਤੋਂ ਕੋਈ ਵੀ ਫੀਸ ਨਾ ਵਸੂਲਣ ਦੇ ਹੁਕਮ ਦਿੱਤੇ ਸਨ। ਇਥੋਂ ਤੱਕ ਕਿ ਸਕੂਲਾਂ ਨੂੰ ਸਾਲਾਨਾ ਖਰਚੇ ਵੈਬਸਾਇਟ ਉਤੇ ਪਾਉਣ ਦੇ ਹੁਕਮ ਦਿੱਤੇ ਗਏ ਸਨ। ਉਮੀਦ ਕੀਤੀ ਜਾ ਰਹੀ ਸੀ ਕਿ ਵਿਭਾਗ ਇਸ ਮੁਸ਼ਕਿਲ ਸਮੇਂ ਵਿਚ ਰਾਹਤ ਦੇਵੇਗਾ ਪਰ ਤਾਜ਼ਾ ਹੁਕਮਾਂ ਨੇ ਮਾਪਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਇਨ੍ਹਾਂ ਹੁਕਮਾਂ ਪਿੱਛੋਂ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸਕੂਲ ਟਿਊਸ਼ਨ ਫੀਸ ਦੇ ਨਾਮ ਉਤੇ ਸਾਰੇ ਖਰਚੇ ਵਸੂਲਣਗੇ। ਕਿਉਂਕਿ ਵਿਭਾਗ ਨੇ ਇਸ ਸਬੰਧੀ ਕੋਈ ਸਪਸ਼ਟ ਹੁਕਮ ਜਾਰੀ ਨਹੀਂ ਕੀਤੇ।
ਸਿੱਖਿਆ ਵਿਭਾਗ ਦੇ ਇਸ ਫੈਸਲਾ ਨੂੰ ਪ੍ਰਾਈਵੇਟ ਸਕੂਲਾਂ ਦੇ ਹੱਕ ਵਿਚ ਭੁਗਤਣ ਵਜੋਂ ਵੇਖਿਆ ਜਾ ਰਿਹਾ ਹੈ। ‘ਪੰਜਾਬੀ ਟ੍ਰਿਬਿਊਨ’ ਦੀ ਖਬਰ ਮੁਤਾਬਕ ਪ੍ਰਿੰਸੀਪਲ ਸਕੱਤਰ (ਸਿੱਖਿਆ) ਅਰੁਣ ਕੁਮਾਰ ਗੁਪਤਾ ਨੇ ਉਪਰੋਕਤ ਹੁਕਮ ਜਾਰੀ ਕੀਤੇ ਹਨ। ਵਿਭਾਗ ਦਾ ਤਰਕ ਹੈ ਕਿ ਸਕੂਲਾਂ ਕੋਲ ਆਮਦਨ ਦਾ ਇਕੋ-ਇਕ ਜ਼ਰੀਆ ਫੀਸਾਂ ਹੁੰਦੀਆਂ ਹਨ ਤੇ ਅਪ੍ਰੈਲ ਤੋਂ ਫੀਸਾਂ ਨਾ ਮਿਲਣ ਕਾਰਨ ਉਹ ਅਧਿਆਪਕਾਂ ਨੂੰ ਤਨਖਾਹਾਂ ਦੇਣ ਤੋਂ ਅਸਮਰੱਥ ਹਨ। ਹਾਲਾਂਕਿ ਪ੍ਰਾਈਵੇਟ ਸਕੂਲ ਕਿਸੇ ਵੀ ਵਿਦਿਆਰਥੀ ਤੋਂ ਲੇਟ ਫੀਸ ਜਮ੍ਹਾਂ ਕਰਵਾਉਣ ਦਾ ਜੁਰਮਾਨਾ ਨਹੀਂ ਲਗਾ ਸਕਦੇ।