Taking undue advantage : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੁਣ ਨਿੱਜੀ ਤੌਰ ‘ਤੇ ਚੀਫ ਸੈਕਟਰੀ ਖਿਲਾਫ ਮੈਦਾਨ ਵਿਚ ਉਤਰੇ ਹਨ। ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸਪੱਸ਼ਟ ਕੀਤਾ ਭਾਵੇਂ ਚੀਫ ਸੈਕਟਰੀ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਮੁੱਖ ਮੰਤਰੀ ਦੇ ਹੱਥ ਵਿਚ ਹੈ ਪਰ ਉਨ੍ਹਾਂ ਅਨੁਸਾਰ ਚੀਫ ਸੈਕਟਰੀ ਮੁੱਖ ਮੰਤਰੀ ਦੇ ਭਰੋਸੇ ਦਾ ਗਲਤ ਫਾਇਦਾ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਚੀਫ ਸੈਕਟਰੀ ਹੀ ਨਹੀਂ ਸਗੋਂ ਹਰੇਕ ਅਜਿਹੇ ਮੰਤਰੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੋਂ ਪਹੁੰਚਾਉਣ ਵਿਚ ਰੋੜਾ ਬਣ ਰਹੇ ਹਨ।
ਵੀਰਵਾਰ ਨੂੰ ਹੋਈ ਮੀਟਿੰਗ ਵਿਚ ਵਿਧਾਇਕਾਂ ਤੇ ਮੰਤਰੀਆਂ ਨੇ ਚੀਫ ਸੈਕਟਰੀ ਸਬੰਧੀ ਸਾਰੀਆਂ ਗੱਲਾਂ ਮੁੱਖ ਮੰਤਰੀ ਨੂੰ ਸਪੱਸ਼ਟ ਕਰ ਦਿੱਤੀਆਂ ਹਨ। ਭਾਵੇਂ ਚੀਫ ਸੈਕਟਰੀ ਨੇ ਇਸ ਸਬੰਧੀ ਮੁੱਖ ਮੰਤਰੀ ਤੋਂ ਮੁਆਫੀ ਮੰਗ ਲਈ ਸੀ ਪਰ ਕਲ ਹੋਈ ਮੀਟਿੰਗ ਵਿਚ ਵਿਧਾਇਕਾਂ ਤੇ ਮੰਤਰੀਆਂ ਨੇ ਚੀਫ ਸੈਕਟਰੀ ਬਾਰੇ ਬਹੁਤ ਸਾਰੀਆਂ ਗੱਲਾਂ ਮੁੱਖ ਮੰਤਰੀ ਨੂੰ ਸਪੱਸ਼ਟ ਕੀਤੀਆਂ ਹਨ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਵਲੋਂ ਉਹੀ ਫੈਸਲਾ ਲਿਆ ਜਾਵੇਗਾ ਜੋ ਸੂਬੇ ਦੇ ਹਿੱਤ ਵਿਚ ਹੋਵੇਗਾ। ਸੁਨੀਲ ਜਾਖੜ ਨੇ ਕਿਹਾ ਕਿ ਇਹ ਸਮੱਸਿਆ ਪਿਛਲੇ 3 ਸਾਲਾਂ ਤੋਂ ਚੱਲੀ ਆ ਰਹੀ ਹੈ ਤੇ ਮੁੱਖ ਸਕੱਤਰ ਸਣੇ ਹੋਰ ਅਫਸਰ ਮੁੱਖ ਮੰਤਰੀ ਦੀ ਭਲੇਮਾਣਸੀ ਦਾ ਗਲਤ ਫਾਇਦਾ ਚੁੱਕ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਦੀ ਸ਼ਰਾਫਤ ਦਾ ਨਾਜਾਇਜ਼ ਫਾਇਦਾ ਲੈਣ ਵਾਲਿਆਂ ਲਈ ਕੁਝ ਗਲਤ ਅਨਸਰ ਸ਼ਬਦ ਵੀ ਵਰਤੇ।
ਕੋਰੋਨਾ ਮਹਾਮਾਰੀ ਕਾਰਨ ਮੀਟਿੰਗਾਂ ਦਾ ਦੌਰ ਠੰਡਾ ਰਿਹਾ ਜਿਸ ਕਾਰਨ ਮੁੱਖ ਮੰਤਰੀ ਕੋਲ ਬਹੁਤ ਸਾਰੀਆਂ ਗੱਲਾਂ ਸਪੱਸ਼ਟ ਨਹੀਂ ਹੋ ਸਕੀਆਂ। ਬੁੱਧਵਾਰ ਨੂੰ ਵੀ ਮੁੱਖ ਮੰਤਰੀ ਨਾਲ ਵਿਧਾਇਕਾਂ ਤੇ ਮੰਤਰੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਸ਼ਰਾਬ ਤੋਂ ਪ੍ਰਾਪਤ ਮਾਲੀਏ ਸਬੰਧੀ ਗੱਲ ਸਪੱਸ਼ਟ ਕਰਨ ਬਾਰੇ ਮੁੱਦਾ ਚੁੱਕਿਆ। ਸਾਰੇ ਵਿਧਾਇਕ ਆਪਣੇ-ਆਪਣੇ ਵਿਚਾਰ ਮੁੱਖ ਮੰਤਰੀ ਸਾਹਮਣੇ ਪੇਸ਼ ਕਰ ਰਹੇ ਹਨ। ਕੁਝ ਮੰਤਰੀ ਤੇ ਵਿਧਾਇਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਸ਼ਰਾਬ ਦੇ ਮਾਲੀਏ ਸਬੰਧੀ ਮੁੱਦੇ ‘ਤੇ ਸੰਪਰਕ ਵਿਚ ਹਨ। ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਵੀ ਵੀਰਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ‘ਤੇ ਨਿਸ਼ਾਨਾ ਵਿੰਨ੍ਹਿਆ। ਹਰੇਕ ਮੰਤਰੀ ਤੇ ਵਿਧਾਇਕ ਦਾ ਵਿਚਾਰ ਹੈ ਕਿ ਸ਼ਰਾਬ ਦੇ ਗੈਰ-ਕਾਨੂੰਨੀ ਧੰਦੇ ਸਬੰਧੀ ਜਲਦ ਹੀ ਮੁੱਖ ਮੰਤਰੀ ਵਲੋਂ ਕੋਈ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ।