4 pregnant women reported : ਬਟਾਲਾ ਵਿਖੇ 4 ਗਰਭਵਤੀ ਔਰਤਾਂ ਦੇ ਇਕੋ ਦਿਨ ਪਾਜੀਟਿਵ ਹੋਣ ਨਾਲ ਲੋਕਾਂ ਵਿਚ ਹੈਰਾਨੀ ਪੈਦਾ ਹੋ ਗਈ ਹੈ। ਇਨ੍ਹਾਂ 4 ਪਾਜੀਟਿਵ ਕੇਸਾਂ ਤੋਂ ਇਲਾਵਾ 7 ਹੋਰ ਕੇਸ ਆਏ ਹਨ। ਇਹ ਚਾਰ ਗਰਭਵਤੀ ਔਰਤਾਂ ਬਟਾਲਾ ਦੇ ਆਸ-ਪਾਸ ਦੇ ਵੱਖ-ਵੱਖ ਪਿੰਡਾਂ ਦੀਆਂ ਦੱਸੀਆਂ ਜਾ ਰਹੀਆਂ ਹਨ। ਇਨ੍ਹਾਂ ਚਾਰਾਂ ਦੇ ਸੰਪਰਕ ਲੱਭਣ ਦੀ ਮੁਹਿੰਮ ਜਾਰੀ ਹੈ ਅਤੇ ਇਸ ਗੱਲ ਦੀ ਵੀ ਭਾਲ ਕੀਤੀ ਜਾ ਰਹੀ ਚਾਰਾਂ ਨੇ ਕਿਸੇ ਇਕ ਹੀ ਡਾਕਟਰ, ਕਲੀਨਿਕ ਜਾਂ ਹਸਪਤਾਲ ਤੋਂ ਕੋਈ ਸਿਹਤ ਸੇਵਾਵਾਂ ਤਾਂ ਪ੍ਰਾਪਤ ਨਹੀਂ ਕੀਤੀਆਂ ਜਾਂ ਫਿਰ ਕਿਤੋਂ ਇਕੋ ਹੀ ਥਾਂ ਤੋਂ ਦਵਾਈ ਤਾਂ ਨਹੀਂ ਲਈ। ਇਸ ਦੀ ਪੜਤਾਲ ਕੀਤੀ ਜਾ ਰਹੀ ਹੈ।
ਇਹ 4 ਗਰਭਵਤੀ ਔਰਤਾਂ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਆਈਆਂ ਸਨ ਤੇ ਹਸਪਤਾਲ ਸਟਾਫ ਵਲੋਂ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜਿਸ ਦੀ ਰਿਪੋਰਟ ਅੱਜ ਪਾਜੀਟਿਵ ਪਾਈ ਗਈ। ਇਹ ਜਾਣਕਾਰੀ ਐੱਸ. ਐੱਮ. ਓ. ਡਾ. ਸੰਜੀਵ ਭੱਲਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 2 ਦੀ ਡਲਿਵਰੀ ਹੋ ਚੁੱਕੀ ਹੈ। ਇਨ੍ਹਾਂ 2 ਔਰਤਾਂ ਦੀ ਡਲਿਵਰੀ ਕਰਨ ਵਾਲੇ ਲੇਬਰ ਸਟਾਫ ਤੇ ਡਾਕਟਰੀ ਸਟਾਫ ਦੇ ਸੈਂਪਲ ਲੈਣ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ।
ਡਾ. ਸੰਜੀਵ ਭੱਲਾ ਨੇ ਦੱਸਿਆ ਕਿ 2 ਨਵਜੰਮੇ ਬੱਚਿਆਂ ਵਿਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ ਪਰ ਫਿਰ ਵੀ ਉਨ੍ਹਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ। ਸੀ. ਐੱਮ. ਓ. ਨੇ ਦੱਸਿਆ ਕਿ ਬਟਾਲਾ ਦੇ ਕਾਦੀਆਂ ਨੇੜੇ ਪੀ. ਜੀ. ਆਈ. ਜਿਥੇ ਇਨ੍ਹਾਂ ਗਰਭਵਤੀ ਔਰਤਾਂ ਨੇ ਅਲਟਰਾ ਸਾਊਂਡ ਕਰਵਾਇਆ ਸੀ, ਨੂੰ ਬੰਦ ਕਰਵਾ ਦਿੱਤਾ ਗਿਆ ਹੈ ਤੇ ਸਿਵਲ ਹਸਪਤਾਲ ਦਾ ਆਪ੍ਰੇਸ਼ਨ ਥੀਏਟਰ ਵੀ ਹਾਲ ਦੀ ਘੜੀ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਕੋਰੋਨਾ ਪੀੜਤਾਂ ਦੇ ਸੰਪਰਕ ਵਿਚ ਆਉਣ ਵਾਲੇ ਸਾਰਿਆਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾਣਗੇ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਵੀ ਇਕ ਮਾਮਲਾ ਸਾਹਮਣੇ ਆਇਆ ਹੈ। ਪਾਜੀਟਿਵ ਪਾਇਆ ਗਿਆ 60 ਸਾਲਾ ਵਿਅਕਤੀ ਦੀ ਕੋਈ ਟ੍ਰੈਵਲ ਹਿਸਟਰੀ ਵੀ ਨਹੀਂ ਹੈ ਤੇ ਨਾ ਹੀ ਉਹ ਕਿਸੇ ਪਾਜੀਟਿਵ ਵਿਅਕਤੀ ਦੇ ਸੰਪਰਕ ਵਿਚ ਆਇਆ ਦੱਸਿਆ ਜਾ ਰਿਹਾ ਹੈ।