Murdered with sharp weapon : ਬੀਤੀ ਰਾਤ ਪਿੰਡ ਟਾਹਲੀ ਵਿਖੇ ਇਕ ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮੁਹੰਮਦ ਅਜ਼ੀਮ ਪੁੱਤਰ ਅਜੂਬ ਵਾਸੀ ਰੰਦਾ ਥਾਣਾ ਬਰਗਾਚੀ (ਬਿਹਾਰ) ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮੁਹੰਮਦ ਅਜ਼ੀਮ ਟਾਹਲੀ ਪਿੰਡ ਦੇ ਕਿਸਾਨ ਗੁਲਵਿੰਦਰ ਸਿੰਘ ਕੋਲ ਖੂਹ ‘ਤੇ ਕੰਮ ਕਰਦਾ ਸੀ। ਜਿਵੇਂ ਹੀ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲੀ ਉਹ ਮੌਕੇ ‘ਤੇ ਪੁੱਜੀ। ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ, ਥਾਣਾ ਮੁਖੀ ਸਿਕੰਦਰ ਸਿੰਘ, ਚੌਕੀ ਇੰਚਾਰਜ ਸ਼ੰਕਰ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਉਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।
ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਉਸ ਦੀ ਲਾਸ਼ ਖੂਨ ਨਾਲ ਲੱਥਪੱਥ ਉਥੇ ਪਈ ਸੀ। ਇਸ ਸਬੰਧੀ ਗੁਲਵਿੰਦਰ ਸਿੰਘ ਜਿਸ ਕੋਲ ਮੁਹੰਮਦ ਅਜੀਮ ਕੰਮ ਕਰਦਾ ਸੀ, ਨੇ ਦੱਸਿਆ ਕਿ ਅਜੇ ਸਿਰਫ 7 ਦਿਨ ਪਹਿਲਾਂ ਹੀ ਉਸ ਨੇ ਪਸ਼ੂਆਂ ਦੀ ਦੇਖਭਾਲ ਤੇ ਖੇਤੀਬਾੜੀ ਦੇ ਕੰਮ ਵਾਸਤੇ ਉਸ ਨੂੰ ਕੰਮ ‘ਤੇ ਰੱਖਿਆ ਸੀ। ਉਹ ਸਾਡੇ ਨਜ਼ਦੀਕ ਖੂਹ ‘ਤੇ ਹੀ ਰਹਿੰਦਾ ਸੀ ਤੇ ਪਿਛਲੀ ਰਾਤ ਲਗਭਗ 9 ਵਜੇ ਮੈਂ ਉਸ ਨੂੰ ਖਾਣਾ ਦੇ ਕੇ ਆਪਣੇ ਕਮਰੇ ਵਿਚ ਚਲਾ ਗਿਆ ਸੀ ਅਤੇ ਅੱਜ ਸਵੇਰੇ ਜਦੋਂ ਮੈਂ ਉਠਿਆ ਤਾਂ ਅਜ਼ੀਮ ਦੇ ਰਿਸ਼ਤੇਦਾਰ ਉਸ ਨੂੰ ਲੱਭ ਰਹੇ ਸਨ ਤੇ ਉਹ ਆਪਣੇ ਕਮਰੇ ਵਿਚ ਨਹੀਂ ਸੀ। ਥੋੜ੍ਹੀ ਦੇਰ ਬਾਅਦ ਅਜ਼ੀਮ ਦੀ ਲਾਸ਼ ਖੇਤਾਂ ‘ਚੋਂ ਮਿਲੀ।
ਅਜ਼ੀਮ ਦੇ ਸਿਰ ‘ਤੇ ਸੱਟਾਂ ਦੇ ਵੀ ਵੀ ਕਾਫੀ ਨਿਸ਼ਾਨ ਹਨ ਤੇ ਕਿਸਾਨ ਗੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਕੰਮ ਹਾਬੜ ਕਰੇਟਾ ਉਰਫ ਜੌਨ ਕੁਮਾਰ ਜੌਨੀ ਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਕੁਝ ਪੈਸਿਆਂ ਨੂੰ ਲੈ ਕੇ ਉਸ ਦਾ ਮੁਹੰਮਦ ਅਜ਼ੀਮ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਸ ਨੇ ਅਜ਼ੀਮ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪੁਲਿਸ ਮੁਖੀ ਸਿਕੰਦਰ ਸਿੰਘ ਤੇ ਚੌਕੀ ਇੰਚਾਰਜ ਸ਼ੰਕਰ ਏ. ਐੱਸ. ਆਈ. ਗੁਰਨਾਮ ਸਿੰਘ ਦੇ ਬਿਆਨ ‘ਤੇ ਹਾਬੜ ਕਰੇਟਾ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਦੋਸ਼ੀ ਫਰਾਰ ਹੈ ਪਰ ਪੁਲਿਸ ਵਲੋਂ ਜਲਦ ਹੀ ਉਸ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।