Special on Birthday : ਪੰਜਾਬ ਵਿਚ ਅਜਿਹੇ ਸੂਰਮੇ ਹੋਏ ਜਿਨ੍ਹਾਂ ਦੀ ਸ਼ਹਾਦਤ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ। ਅੱਜ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਹੈ। ਇਸੇ ਮੌਕੇ ਕਰਤਾਰ ਸਿੰਘ ਸਰਾਭਾ ਦੀਆਂ ਕੀਤੀਆਂ ਕੁਰਬਾਨੀਆਂ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੱਸਣਾ ਚਾਹੁੰਦੇ ਹਾਂ ਜਿਸ ਤੋਂ ਉਹ ਪ੍ਰੇਰਣਾ ਲੈ ਸਕਣ। ਉਨ੍ਹਾਂ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਕਰਤਾਰ ਸਿੰਘ ਪੜ੍ਹਾਈ ਵਿੱਚ ਸ਼ੁਰੂ ਤੋਂ ਬਹੁਤ ਹੁਸ਼ਿਆਰ ਸੀ, ਉਸ ਦੇ ਦਾਦਾ ਜੀ ਉਸ ਨੂੰ ਉੱਚੇ ਅਹੁਦੇ ‘ਤੇ ਦੇਖਣਾ ਚਾਹੁੰਦੇ ਸਨ। ਇਸ ਲਈ ਉਸਦੇ ਦਾਦਾ ਜੀ ਨੇ ਉਚੇਰੀ ਪੜ੍ਹਾਈ ਲਈ ਉਸ ਨੂੰ ਅਮਰੀਕਾ ਭੇਜ ਦਿੱਤਾ, ਉੱਥੇ ਉਸ ਨੇ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ।
ਅਮਰੀਕਾ ਵਿੱਚ ਵਸਦੇ ਹਿੰਦੁਸਤਾਨੀਆਂ ਨੇ 1913 ਈ. ਵਿੱਚ ਗ਼ਦਰ ਨਾਂਅ ਦੀ ਇੱਕ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਸੋਹਣ ਸਿੰਘ ਭਕਨਾ ਨੂੰ ਮਿਲਿਆ ਤੇ ਇਸ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਪਾਰਟੀ ਦਾ ਕੇਂਦਰ ਸਾਨ ਫ਼ਰਾਂਸਿਸਕੋ ਬਣਾਇਆ। ਹਿੰਦੋਸਤਾਨ ਸਰਕਾਰ ਦੇ ਖੁਫੀਆ ਮਹਿਕਮੇ ਦੇ ਡਾਇਰੈਕਟਰ ਨੇ ‘ਹਿੰਦੁਸਤਾਨ ਦੀ ਵਰਤਮਾਨ ਰਾਜਸੀ ਹਾਲਤ’ ਬਾਰੇ 14 ਮਈ 1914 ਨੂੰ ਹਿੰਦੁਸਤਾਨ ਸਰਕਾਰ ਵੱਲ ਭੇਜੀ ਰਿਪੋਰਟ ਵਿਚ ਉਸ ਦਾ ਜ਼ਿਕਰ ਕੀਤਾ। ਇਸ ਅਖ਼ਬਾਰ ਨੂੰ ਲਿਖਣ ਤੇ ਪ੍ਰਕਾਸ਼ਤ ਕਰਨ ਲਈ ਕਮੇਟੀ ਦੇ ਮੁਖੀ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਤੇ ਸ੍ਰੀ ਰਘੁਬਰ ਦਿਆਲ ਗੁਪਤਾ ਸਨ। ਸਰਾਭਾ ਦੀਆਂ ਦੇਸ਼ ਪ੍ਰੇਮ ਦੀਆਂ ਉਚੇਰੀਆਂ ਭਾਵਨਾਵਾਂ ਨੂੰ ਦੇਖਦਿਆਂ ਗ਼ਦਰ ਪਾਰਟੀ ਨੇ ਕੈਲੀਫ਼ੋਰਨੀਆ ਵਿੱਚ ਇੱਕ ਮੀਟਿੰਗ ਕਰਕੇ ਉਸ ਨੂੰ ਪ੍ਰਬੰਧਕ ਕਮੇਟੀ ਮੈਂਬਰ ਚੁਣਿਆ।
ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਰਤ ਉੱਤੇ ਕਾਬਜ਼ ਬਰਤਾਨਵੀ ਹਕੂਮਤ ਨੂੰ ਉਖਾੜ ਸੁੱਟਣ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਵਸੇ ਭਾਰਤੀਆਂ ਨੂੰ ਇੱਕਜੁਟ ਕਰਨ ਦਾ ਕੰਮ ਕੀਤਾ ਸੀ। ਉਂਝਤਾਂ ‘ਗ਼ਦਰ ਪਾਰਟੀ’ ਦੀ ਯੋਜਨਾ 1913 ਵਿੱਚ ਹੀ ਬਣ ਗਈ ਸੀ ਪਰ ਇਸਨੂੰ 21 ਫਰਵਰੀ 1915 ਈ: ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅੰਗਰੇਜ਼ ਹਕੂਮਤ ਆਪਣਾ ਇੱਕ ਝੋਲੀਚੁੱਕ, ਕਿਰਪਾਲ ਸਿੰਘ ਪਾਰਟੀ ਵਿੱਚ ਸ਼ਾਮਲ ਕਰਨ ਵਿੱਚ ਕਾਮਯਾਬ ਹੋ ਗਈ ਤੇ ਉਸ ਨੇ ਸਾਰੀ ਰਿਪੋਰਟ ਸਰਕਾਰ ਨੂੰ ਭੇਜਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ 21 ਫਰਵਰੀ ਵਾਲਾ ਗ਼ਦਰ ਫੇਲ੍ਹ ਹੋ ਗਿਆ। 19 ਫਰਵਰੀ ਨੂੰ ਸਰਕਾਰ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਗ੍ਰਿਫ਼ਤਾਰ ਕਰ ਲਏ। ਅਖੀਰ ਉਹ ਬਰਤਾਨਵੀ ਹਕੂਮਤ ਦੇ ਕਾਬੂ ਆ ਗਏ। ਸਰਾਭੇ ਵਲੋਂ ਆਪਣੇ ਬਚਾਅ ਲਈ ਕੋਈ ਵਕੀਲ ਨਹੀਂ ਕੀਤਾ ਗਿਆ ਸੀ। ਕੋਰਟ ਦੀ ਕਾਰਵਾਈ ਦਿਖਾਵਾ ਮਾਤਰ ਸੀ ਜਿਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਕੇਸ ਵਿਚ ਅਦਾਲਤ ਦੇ ਫ਼ੈਸਲੇ ਵਿਰੁੱਧ ਕੋਈ ਵੀ ਗ਼ਦਰੀ ਅੱਗੇ ਅਪੀਲ ਨਹੀਂ ਸੀ ਕਰ ਸਕਦਾ। ਕਿਹਾ ਜਾ ਸਕਦਾ ਹੈ ਕਿ 1857 ਦੇ ਬਾਅਦ ਇਹ ਆਜ਼ਾਦੀਦੀ ਦੂਸਰੀ ਹਥਿਆਰਬੰਦ ਕੋਸ਼ਿਸ਼ ਸੀ। ਇਸ ਵਿੱਚ 200 ਤੋਂ ਜ਼ਿਆਦਾ ਲੋਕ ਸ਼ਹੀਦ ਹੋਏ, ਪਰ ਇਸ ਨਾਲ ਆਜ਼ਾਦੀ ਦੇ ਉਦੇਸ਼ ਨੂੰ ਬਲ ਮਿਲਿਆ। ਕਰਤਾਰ ਸਿੰਘ ਸਰਾਭਾ ਆਪਣੇ ਬਹੁਤ ਛੋਟੇ ਜਿਹੇ ਰਾਜਨੀਤਕ ਜੀਵਨ ਦੇ ਦਲੇਰਾਨਾ ਕੰਮਾਂ ਦੇ ਕਾਰਨ ਗ਼ਦਰ ਪਾਰਟੀ ਦੇ ਲੋਕ ਨਾਇਕ ਦੇ ਰੂਪ ਵਿੱਚ ਉੱਭਰੇ। ਸ਼ਹੀਦੇ-ਆਜ਼ਮ ਭਗਤ ਸਿੰਘ ਉਨ੍ਹਾਂ ਆਪਣਾ ਆਦਰਸ਼ ਮੰਨਦੇ ਸਨ।