Hand Washing Corona Virus: ਕੋਰੋਨਾ ਵਾਇਰਸ ਦੇ ਸਬੰਧ ‘ਚ ਹੱਥ ਧੋਣ ਨੂੰ ਬਹੁਤ ਮਹੱਤਵ ਦਿੱਤਾ ਜਾ ਰਿਹਾ ਹੈ। ਇਸ ਦੀ ਵਜ੍ਹਾ ਹੈ ਕਿ ਇਨਫੈਕਸ਼ਨ ਹੱਥਾਂ ਜ਼ਰੀਏ ਸਭ ਤੋਂ ਜ਼ਿਆਦਾ ਫ਼ੈਲਦਾ ਹੈ। ਮੈਡੀਕਲ ਸਾਇੰਸ ਸ਼ੁਰੂ ਤੋਂ ਮੰਨਦੀ ਆ ਰਹੀ ਹੈ ਕਿ ਕਿਸੇ ਵੀ ਬਿਮਾਰੀ ਤੋਂ ਬਚਣ ਲਈ ਹੱਥ ਧੋਣ ਦੀ ਪ੍ਰਕਿਰਿਆ ਬੇਹੱਦ ਮਹੱਤਵਪੂਰਨ ਹੈ। ਇਸ ਨਾਲ ਜੇ ਹੱਥਾਂ ਨੂੰ ਇਨਫੈਕਸ਼ਨ ਲੱਗੀ ਵੀ ਹੋਵੇਗੀ ਤਾਂ ਉਹ ਨਿਕਲ ਜਾਂਦੀ ਹੈ। ਇਕ ਖੋਜ ਅਨੁਸਾਰ ਸਾਡੇ ਦੇਸ਼ ‘ਚ 40 ਫ਼ੀਸਦੀ ਲੋਕ ਖਾਣਾ ਖਾਣ ਤੋਂ ਪਹਿਲਾਂ ਹੱਥ ਨਹੀਂ ਧੋਂਦੇ। ਜੇ ਹੱਥ ਧੋਣ ਦੀ ਪ੍ਰਕਿਰਿਆ ਪੂਰੀ ਇਮਾਨਦਾਰੀ ਨਾਲ ਨਿਭਾਈ ਜਾਵੇ ਤਾਂ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਬਚ ਸਕਦੀ ਹੈ। ਕੋਰੋਨਾ ਵਾਇਰਸ ਨਾਲ ਮੁਕਾਬਲੇ ਦਾ ਇਹ ਸਭ ਤੋਂ ਤਾਕਤਵਾਰ ਹਥਿਆਰ ਹੈ।
ਗੰਭੀਰ ਬਿਮਾਰੀ ਲਵੇਗੀ ਗ੍ਰਿਫ਼ਤ ‘ਚ: ਕੀਟਾਣੂ ਸੰਪਰਕ ਜ਼ਰੀਏ ਤੁਹਾਡੇ ਤਕ ਪਹੁੰਚ ਸਕਦੇ ਹਨ। ਜੇ ਤੁਹਾਨੂੰ ਮੂੰਹ, ਨੱਕ ਤੇ ਅੱਖਾਂ ਨੂੰ ਵਾਰ-ਵਾਰ ਹੱਥ ਲਗਾਉਣ ਦੀ ਆਦਤ ਹੈ ਤਾਂ ਅਨਜਾਣੇ ਹੀ ਤੁਹਾਡੇ ਹੱਥਾਂ ਦੀ ਇਨਫੈਕਸ਼ਨ ਮੂੰਹ ਤੇ ਅੱਖਾਂ ‘ਚ ਜਾ ਸਕਦੀ ਹੈ। ਇਸ ਇਨਫੈਕਸ਼ਨ ਦੀ ਵਜ੍ਹਾ ਨਾਲ ਤੁਸੀਂ ਗੰਭੀਰ ਰੂਪ ‘ਚ ਬਿਮਾਰੀ ਹੋ ਸਕਦੇ ਹੋ।
ਕਿਵੇਂ ਧੋਈਏ ਹੱਥ: ਯਾਦ ਰੱਖੋ ਕਿ ਸੈਨੇਟਾਈਜ਼ਰ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ਸਾਬਣ ਨਾਲ ਹੱਥ ਧੋਣਾ। ਹੱਥਾਂ ਨੂੰ ਸਾਬਣ ਲਾ ਕੇ ਇਕ ਮਿੰਟ ਤਕ ਰਗੜੋ, ਝੱਗ ਆਉਣ ਤਕ ਇੰਤਜ਼ਾਰ ਕਰੋ। ਹੱਥਾਂ ਦੇ ਪਿਛਲੇ ਹਿੱਸੇ ਸਮੇਤ ਉਂਗਲੀਆਂ ਨੂੰ ਵੀ ਰਗੜ ਕੇ ਸਾਫ਼ ਕਰੋ। ਫਿਰ ਸਾਫ਼ ਤੇ ਸੁੱਕੇ ਕੱਪੜੇ ਨਾਲ ਸਾਫ਼ ਕਰ ਲਵੋ। ਅਜਿਹਾ ਕਰਨ ਨਾਲ ਸਾਹਾਂ ਸਬੰਧੀ ਰੋਗਾਂ ਦੇ ਇਨਫੈਕਸ਼ਨ ਤੋਂ ਬਚ ਸਕੋਗੇ ਸਗੋਂ ਪੇਟ ਸਬੰਧੀ ਸਮੱਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ।
ਅੱਖਾਂ ਦੀ ਇਨਫੈਕਸ਼ਨ: ਹੱਥ ਧੋਣ ਦਾ ਇਕ ਹੋਰ ਫ਼ਾਇਦਾ ਇਹ ਹੈ ਕਿ ਅੱਖਾਂ ਨੂੰ ਹੋਣ ਵਾਲੀ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ। ਇਨਫੈਕਟਿਡ ਹੱਥਾਂ ਜ਼ਰੀਏ ਹੀ ਕੰਜ਼ੈਕਟੇਵਾਈਟਿਸ ਤੇ ਟ੍ਰੋਕੋਮਾ ਜਿਹੇ ਇਨਫੈਕਸ਼ਨ ਫ਼ੈਲਦੇ ਹਨ। ਟ੍ਰੋਕੋਮਾ ਅਜਿਹਾ ਬੈਕਟੀਰੀਅਲ ਇਨਫੈਕਸ਼ਨ ਹੈ, ਜੋ ਦੁਨੀਆ ਭਰ ‘ਚ ਅੰਨ੍ਹੇਪਣ ਲਈ ਇਕ ਮੁੱਖ ਕਾਰਨ ਮੰਨਿਆ ਜਾਂਦਾ ਹੈ।
ਚਮੜੀ ਦਾ ਇਨਫੈਕਸ਼ਨ: ਸਟਿਫਲੋਕੋਕਸ ਅਜਿਹਾ ਬੈਕਟੀਰੀਆ ਹੈ, ਜੋ ਸਰੀਰ ਦੀ ਚਮੜੀ ਤੇ ਨਹੁੰਆਂ ‘ਚ ਮਿਲਦਾ ਹੈ। ਜੇ ਇਹ ਰੋਗਾਣੂ ਖੁੱਲ੍ਹੇ ਜ਼ਖ਼ਮਾਂ ਤਕ ਪਹੁੰਚ ਜਾਣ ਤਾਂ ਚਮੜੀ ਦੀ ਇਨਫੈਕਸ਼ਨ ਹੋ ਜਾਂਦੀ ਹੈ। ਹੱਥ ਧੋਣੇ ਜ਼ਰੂਰੀ ਹਨ ਤਾਂ ਜੋ ਇਸ ਬੈਕਟੀਰੀਆ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ।
ਇਕ ਤੋਂ ਦੂਸਰੇ ਤਕ ਪਹੁੰਚਦੇ ਹਨ ਰੋਗਾਣੂ: ਜੇ ਹੱਥ ਇਨਫੈਕਟਿਡ ਹਨ ਤੇ ਉਨ੍ਹਾਂ ਨੂੰ ਧੋ ਕੇ ਸਾਫ਼ ਨਾ ਕੀਤਾ ਜਾਵੇ ਤਾਂ ਰੋਗਾਣੂ ਸਾਡੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਤਕ ਪਹੁੰਚ ਸਕਦਾ ਹੈ। ਸਾਹ ਸਬੰਧੀ ਰੋਗਾਂ ਨੂੰ ਹੱਥ ਧੋ ਕੇ ਕਾਫ਼ੀ ਹੱਦ ਤਕ ਰੋਕਿਆ ਜਾ ਸਕਦਾ ਹੈ। ਦਰਵਾਜ਼ੇ ਦਾ ਹੈਂਡਲ, ਟਾਇਲਟ ਜਾਂ ਬਾਥਰੂਮ ਦੇ ਦਰਵਾਜ਼ੇ ਦਾ ਹੈਂਡਲ, ਟੂਟੀ, ਰੇਲਿੰਗ, ਲਿਫਟ ਦੇ ਬਟਨ ਤੇ ਅਜਿਹੀਆਂ ਅਨੇਕਾਂ ਥਾਵਾਂ, ਜੋ ਆਮ ਤੌਰ ‘ਤੇ ਤੁਹਾਡੀ ਵਰਤੋਂ ‘ਚ ਆਉਂਦੀਆਂ ਹਨ, ਉਨ੍ਹਾਂ ਦੇ ਸੰਪਰਕ ‘ਚ ਆਉਣ ਨਾਲ ਇਨਫੈਕਸ਼ਨ ਤੁਹਾਡੇ ਤਕ ਪਹੁੰਚ ਸਕਦੀ ਹੈ
ਟਾਈਫਾਇਡ ਤੇ ਡਾਇਰੀਆ: ਹੱਥਾਂ ਜ਼ਰੀਏ ਜੋ ਰੋਗਾਣੂ ਸਰੀਰ ‘ਚ ਦਾਖ਼ਲ ਹੋ ਜਾਂਦੇ ਹਨ, ਉਨ੍ਹਾਂ ‘ਚ ਕੋਰੋਨਾ ਵਾਇਰਸ ਤੋਂ ਬਾਅਦ ਸਭ ਤੋਂ ਜ਼ਿਆਦਾ ਤਕਲੀਫ਼ਦਾਇਕ ਹੈ ਪੇਟ ਦੀ ਇਨਫੈਕਸ਼ਨ। ਦੂਸ਼ਿਤ ਪਾਣੀ ਤੇ ਇਨਫੈਕਟਿਡ ਹੱਥਾਂ ਜ਼ਰੀਏ ਜੋ ਰੋਗਾਣੂ ਸਰੀਰ ‘ਚ ਪਹੁੰਚ ਜਾਂਦੇ ਹਨ, ਉਹ ਟਾਈਫਾਇਡ ਤੇ ਡਾਇਰੀਆ ਜਿਹੇ ਘਾਤਕ ਰੋਗਾਂ ਦੀ ਲਪੇਟ ‘ਚ ਲੈ ਸਕਦੇ ਹਨ। ਡਾਇਰੀਆ ਦੇ 10 ‘ਚੋਂ 4 ਕੇਸਾਂ ਵਿਚ ਹੱਥਾਂ ਨੂੰ ਧੋਣ ਨਾਲ ਬਚਿਆ ਜਾ ਸਕਦਾ ਹੈ।
ਸਾਵਧਾਨੀਆਂ
- ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚੋ।
- ਖਾਣਾ ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਵੋ।
- ਖਾਣਾ ਬਣਾਉਣ ਤੋਂ ਪਹਿਲਾਂ ਹੱਥ ਧੋਵੋ।
- ਪਾਲਤੂ ਜਾਨਵਰਾਂ ਦੇ ਵਾਲਾਂ ‘ਚ ਹੱਥ ਫੇਰਨ ਤੋਂ ਬਾਅਦ ਹੱਥ ਧੋ ਲਵੋ।
- ਰੁਮਾਲ ਨੂੰ ਨੱਕ ‘ਤੇ ਰੱਖ ਕੇ ਛਿੱਕ ਮਾਰਨ ਤੋਂ ਬਾਅਦ ਹੱਥਾਂ ਨੂੰ ਧੋ ਲਵੋ।
- ਯਾਦ ਰੱਖੋ ਕਿ ਜੇ ਹੈਂਡ ਸੈਨੇਟਾਈਜ਼ਰ ‘ਚ ਅਲਕੋਹਲ ਦੀ ਮਾਤਰਾ 60 ਫ਼ੀਸਦੀ ਹੈ ਤਾਂ ਠੀਕ ਹੈ, ਨਹੀਂ ਤਾਂ ਸਾਬਣ ਨਾਲ ਹੀ ਹੱਥ ਧੋਵੋ।
- ਸਾਬਣ ਤੇ ਕੋਸੇ ਪਾਣੀ ਨਾਲ ਹੱਥ ਧੋਣਾ ਕਿਸੇ ਵੀ ਤਰ੍ਹਾਂ ਦੇ ਸੈਨੇਟਾਈਜ਼ਰ ਤੋਂ ਬਿਹਤਰ ਮੰਨਿਆ ਜਾਂਦਾ ਹੈ।