Terrible collision between : ਬੀਤੀ ਰਾਤ ਲਗਭਗ 1 ਵਜੇ ਹੁਸ਼ਿਆਰਪੁਰ ਵਿਖੇ ਭਰਵਾਈ ਰੋਡ ‘ਤੇ ਸਲਵਾੜਾ ਚੌਕ ਵਿਖੇ ਕਾਰ ਤੇ ਦੁੱਧ ਦੇ ਟੈਂਕਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੁੱਧ ਵਾਲੀ ਗੱਡੀ ਨੂੰ ਅੱਗ ਲੱਗ ਗਈ। ਗੱਡੀ ਨੂੰ ਅੱਗ ਲੱਗਣ ਕਾਰਨ ਉਥੇ ਲੋਕਾਂ ਵਿਚ ਭੱਜ-ਦੌੜ ਮਚ ਗਈ। ਉਥੇ ਮੌਜੂਦ ਲੋਕਾਂ ਨੇ ਕਾਰ ਅਤੇ ਦੁੱਧ ਵਾਲੀ ਗੱਡੀ ਵਿਚ ਸਵਾਰ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਬਚਾਇਆ ਤੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦਿੱਤੀ। ਅੱਗ ਕਾਫੀ ਭਿਆਨਕ ਹੋਣ ਉਸ ਨੂੰ ਬੁਝਾਉਣ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਕਾਫੀ ਮਿਹਨਤ ਕਰਨੀ ਪਈ ਤੇ ਇਸ ਟੱਕਰ ਵਿਚ ਦੁੱਧ ਵਾਲੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਘਟਨਾ ਦੀ ਸੂਚਨਾ ਪੁਲਿਸ ਵਿਭਾਗ ਨੂੰ ਦਿੱਤੀ ਗਈ ਤੇ ਪੁਲਿਸ ਮੌਕੇ ‘ਤੇ ਪੁੱਜੀ।
ਮਿਲੀ ਜਾਣਕਾਰੀ ਮੁਤਾਬਕ ਥਾਣਾ ਸਦਰ ਦੇ ASI ਗੁਰਮੇਲ ਸਿੰਘ ਨੇ ਦੱਸਿਆ ਕਿ ਦੁੱਧ ਵਾਲੀ ਗੱਡੀ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਜਾ ਰਹੀ ਸੀ ਤੇ ਦੂਜੀ ਗੱਡੀ ਵਿਚ ਜਲੰਧਰ ਦੇ ਰਹਿਣ ਵਾਲੇ ਲੋਕ ਚੋਹਾਲ ਤੋਂ ਹੁਸ਼ਿਆਰਪੁਰ ਵਲ ਆ ਰਹੇ ਸਨ। ਰਸਤੇ ਵਿਚ ਦੋਵਾਂ ਦਰਮਿਆਨ ਜ਼ਬਰਦਸਤ ਟੱਕਰ ਹੋ ਗਈ। ਟੱਕਰ ਵਿਚ ਦੁੱਧ ਵਾਲੀ ਗੱਡੀ ਨੂੰ ਅੱਗ ਲੱਗ ਗਈ ਪਰ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਥਾਣਾ ਮੁਖੀ ਇੰਸਪੈਕਟਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂਉਹ ਮੌਕੇ ‘ਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੇ ਸੁਰੱਖਿਅਤ ਕਾਰ ਤੇ ਦੁੱਧ ਦੇ ਟੈਂਕਰ ਵਿਚ ਸਵਾਰ ਵਿਅਕਤੀਆਂ ਨੂੰ ਕੱਢ ਲਿਆ। ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰ ਤੇ ਦੁੱਧ ਵਾਲਾ ਟੈਂਕਰ ਨੂੰ ਥਾਣੇ ਭੇਜ ਦਿੱਤਾ ਗਿਆ ਹੈ।