India records highest-ever spike: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ । ਪਿਛਲੇ 24 ਘੰਟਿਆਂ ਵਿੱਚ ਕਰੀਬ 7 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਹੁਣ ਤੱਕ ਦੇ ਰੋਜ਼ਾਨਾ ਮਾਮਲਿਆਂ ਦੀ ਰਿਕਾਰਡ ਗਿਣਤੀ ਹੈ । ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਇੱਕ ਲੱਖ 38 ਹਜ਼ਾਰ ਨੂੰ ਪਾਰ ਕਰ ਗਈ ਹੈ, ਜਿਸ ਵਿੱਚੋਂ 4021 ਲੋਕਾਂ ਦੀ ਮੌਤ ਹੋ ਗਈ ਹੈ । ਹਾਲਾਂਕਿ ਰਾਹਤ ਦੀ ਗੱਲ ਇਹ ਵੀ ਹੈ ਕਿ ਇਸ ਦੌਰਾਨ 3280 ਲੋਕ ਠੀਕ ਹੋਏ ਹਨ, ਜਿਸ ਨਾਲ ਇਸ ਬੀਮਾਰੀ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ 57,721 ਹੋ ਗਈ ਹੈ । ਜਿਸ ਤੋਂ ਬਾਦ ਦੇਸ਼ ਵਿੱਚ ਕੁੱਲ ਸਰਗਰਮ ਮਾਮਲੇ 77,103 ਹਨ।
ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਮਹਾਂਰਾਸ਼ਟਰ ਵਿੱਚ ਕਹਿਰ ਵਰ੍ਹਾਇਆ ਹੈ, ਜਿੱਥੇ ਪੀੜਤਾਂ ਦੀ ਗਿਣਤੀ 50 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ । ਮਹਾਂਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ 3041 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇੱਥੇ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 50,231 ਹੋ ਗਈ ਹੈ ਅਤੇ ਕੁੱਲ 1635 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 14,660 ਲੋਕ ਇਸ ਵਾਇਰਸ ਤੋਂ ਠੀਕ ਵੀ ਹੋਏ ਹਨ ।
ਦੱਸ ਦੇਈਏ ਕਿ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਭਾਰਤ ਸੰਕਰਮਿਤ ਦੇਸ਼ਾਂ ਦੀ ਸੂਚੀ ਵਿੱਚ ਟਾਪ-10 ਵਿੱਚ ਸ਼ਾਮਿਲ ਹੋ ਗਿਆ ਹੈ । ਇਸ ਸੂਚੀ ਵਿੱਚ ਅਮਰੀਕਾ ਸਭ ਤੋਂ ਉੱਪਰ ਹੈ । ਇਸ ਤੋਂ ਬਾਅਦ ਬ੍ਰਾਜ਼ੀਲ, ਰੂਸ, ਸਪੇਨ, ਬ੍ਰਿਟੇਨ, ਇਟਲੀ, ਫਰਾਂਸ, ਜਰਮਨੀ ਅਤੇ ਤੁਰਕੀ ਹਨ ।
ਜੇਕਰ ਇੱਥੇ ਵਿਸ਼ਵ ਭਰ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਸਿਹਤ ਮੰਤਰਾਲੇ ਦੇ ਅਨੁਸਾਰ ਦੁਨੀਆ ਵਿੱਚ ਕੋਰੋਨਾ ਦੀ ਲਾਗ ਦੇ ਕੁੱਲ ਮਾਮਲੇ 54 ਲੱਖ ਤੱਕ ਪਹੁੰਚ ਗਏ ਹਨ । ਇਸ ਕਾਰਨ 3 ਲੱਖ 45 ਹਜ਼ਾਰ ਜਾਨਾਂ ਵੀ ਗਈਆਂ ਹਨ । ਚੰਗੀ ਗੱਲ ਇਹ ਹੈ ਕਿ ਹਾਲਾਂਕਿ 21 ਲੱਖ 7 ਹਜ਼ਾਰ ਲੋਕ ਵੀ ਤੰਦਰੁਸਤ ਹੋ ਗਏ ਹਨ ।