Corona knocks again : ਕੁਝ ਦਿਨ ਪਹਿਲਾਂ ਕੋਰੋਨਾ ਮੁਕਤ ਹੋਏ ਜਿਲ੍ਹਾ ਮੋਹਾਲੀ ਵਿਖੇ ਅੱਜ ਇਕ ਕੋਵਿਡ-19 ਮਰੀਜ਼ ਦੀ ਪੁਸ਼ਟੀ ਹੋਈ ਹੈ। ਇਹ ਮਰੀਜ਼ ਮੋਹਾਲੀ ਦੇ ਪਿੰਡ ਨਵਾਂਗਾਓ ਦੀ ਰਹਿਣ ਵਾਲੀ 29 ਸਾਲਾ ਔਰਤ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਮਨਜੀਤ ਸਿੰਘ ਵਲੋਂ ਦਿੱਤੀ ਗਈ। ਉਕਤ ਔਰਤ ਜਿਸ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ, ਦੀ ਡਲਿਵਰੀ ਚੰਡੀਗੜ੍ਹ ਦੇ ਸੈਕਟਰ-16 ਵਿਖੇ ਸਥਿਤ ਹਸਪਤਾਲ ਵਿਚ ਕੀਤੀ ਗਈ ਸੀ। ਮੋਹਾਲੀ ਵਿਖੇ ਅਜੇ ਕੁਝ ਦਿਨ ਪਹਿਲਾਂ ਹੀ ਸਾਰੇ ਮਰੀਜ਼ਾਂ ਨੂੰ ਕੋਰੋਨਾ ਮੁਕਤ ਹੋਣ ਕਾਰਨ ਛੁੱਟੀ ਦੇ ਦਿੱਤੀ ਗਈ ਸੀ ਅਤੇ ਸਾਰੇ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਸਨ ਅਤੇ ਮੋਹਾਲੀ ਕੋਰੋਨਾ ਮੁਕਤ ਜਿਲ੍ਹਾ ਬਣ ਗਿਆ ਸੀ ਪਰ ਅੱਜ ਫਿਰ ਇਕ ਕੇਸ ਆਉਣ ਨਾਲ ਮੋਹਾਲੀ ਵਿਚ ਦੁਬਾਰਾ ਕੋਰੋਨਾ ਦੀ ਐਂਟਰੀ ਹੋ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਔਰਤ ਦੀ ਡਲਿਵਰੀ ਤੋਂ ਬਾਅਦ ਬੱਚੇ ਦੇ ਸੈਂਪਲ ਵੀ ਕੋਰੋਨਾ ਟੈਸਟ ਲਈ ਭੇਜੇ ਗਏ ਸਨ ਪਰ ਰਾਹਤ ਭਰਤੀ ਗੱਲ ਇਹ ਹੈ ਕਿ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਸੇ ਤਰ੍ਹਾਂ ਚੰਡੀਗੜ੍ਹ ਵਿਖੇ ਵੀ ਬਾਪੂਧਾਮ ਕਾਲੋਨੀ ਵਿਚ ਬਹੁਤ ਜਲਦੀ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਪ੍ਰਸ਼ਾਸਨ ਵਲੋਂ ਉਨ੍ਹਾਂ ਲੋਕਾਂ ਦਾ ਜਲਦੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇਨ੍ਹਾਂ ਇੰਫੈਕਟਿਡ ਮਰੀਜ਼ਾਂ ਦੇ ਸੰਪਰਕ ਵਿਚ ਆਏ ਹਨ। ਜਿਲ੍ਹਾ ਮੋਹਾਲੀ ਵਿਖੇ ਵਾਰ-ਵਾਰ ਲੋਕਾਂ ਨੂੰ ਐਡਵਾਈਜਰੀ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਆਮ ਜਨਤਾ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕੇ।
ਮੋਹਾਲੀ ਜਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਜੋ ਆਪਣੇ ਰੋਜ਼ਗਾਰ ਕਾਰਨ ਆਮ ਤੌਰ ‘ਤੇ ਅੰਤਰਰਾਜੀ ਯਾਤਰਾ ਕਰਦੇ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਨੇ ਤੈਅ ਕੀਤਾ ਹੈ ਕਿ ਹੁਣ ਇਨ੍ਹਾਂ ਲੋਕਾਂ ਨੂੰ ਹੋਮ ਕੁਆਰੰਟਾਈਨ ਨਹੀਂ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਡੀ. ਸੀ. ਗਿਰੀਸ਼ ਦਿਆਲਨ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਬਾਹਰੀ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਤਰ੍ਹਾਂ ਇਨ੍ਹਾਂ ਨੂੰ ਹੋਮ ਕੁਆਰੰਟਾਈਨ ਕੀਤਾ ਜਾਂਦਾ ਸੀ ਪਰ ਹੁਣ ਅਜਿਹੇ ਲੋਕਾਂ ਨੂੰ ਡੀ. ਸੀ. ਜਾਂ ਐੱਸ. ਡੀ. ਐੱਮ. ਤੋਂ ਪਾਸ ਜਾਰੀ ਕੀਤੇ ਜਾਣਗੇ ਤਾਂ ਜੋ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।