Jathedar Giani Harpreet : ਇੰਗਲੈਂਡ ਦੇ ਡਰਬੀ ਸ਼ਹਿਰ ਵਿਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ‘ਤੇ ਕਲ ਸਵੇਰੇ ਇਕ ਵਿਅਕਤੀ ਨੇ ਭੰਨ ਤੋੜ ਜੋ ਸੀ. ਸੀ. ਟੀ. ਵੀ ਕੈਮਰੇ ਵਿਚ ਰਿਕਾਰਡ ਹੋ ਗਈ। ਇਸ ਘਟਨਾ ਦੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਵਿਅਕਤੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਨਫਰਤੀ ਹਮਲੇ ਵਿਚ ਗੁਰਦੁਆਰਾ ਸਾਹਿਬ ਦਾ ਹਜ਼ਾਰਾ ਪੌਂਡ ਦਾ ਨੁਕਸਾਨ ਹੋਇਆ ਹੈ। ਘਟਨਾ ਲਗਭਗ ਸਵੇਰੇ 7 ਵਜੇ ਵਾਪਰੀ ਜਦੋਂ ਇੰਗਲੈਂਡ ਵਿਚ ਲੌਕਡਾਊਨ ਦੇ ਚੱਲਦਿਆਂ ਇਕ ਵਿਅਕਤੀ ਗੁਰਦੁਆਰਾ ਸਾਹਿਬ ਆਇਆ ਅਤੇ ਉਸ ਨੇ ਗੁਰਦੁਆਰਾ ਸਾਹਿਬ ਅੰਦਰ ਇੱਚਾਂ ਪੱਥਰ ਮਾਰਦੇ ਹੋਏ ਭੰਨ ਤੋੜ ਸ਼ੁਰੂ ਕਰ ਦਿੱਤੀ ਜਿਸ ਨਾਲ ਗੁਰਦੁਆਰਾ ਸਾਹਿਬ ਵਿਚ ਲੱਗੇ ਸ਼ੀਸ਼ੇ ਦੇ ਦਰਵਾਜ਼ੇ ਤੇ ਹੋਰ ਨੁਕਸਾਨ ਪੁੱਜਾ। ਇਸ ਵਿਅਕਤੀ ਵਲੋਂ ਇਕ ਕਾਗਜ਼ ਉਤੇ ਅੰਗਰੇਜ਼ੀ ਨਾਲ ਇਕ ਹੱਥ ਲਿਖਤ ਸੰਦੇਸ਼ ਵੀ ਦਿੱਤਾ ਗਿਆ ਜਿਸ ਵਿਚ ਉਸ ਨੇ ਇਹ ਇਸ਼ਾਰਾ ਦਿੱਤਾ ਕਿ ਕਸ਼ਮੀਰੀਆਂ ਦੀ ਮਦਦ ਕੀਤੀ ਜਾਵੇ।
ਜਥੇਦਾਰ ਵਲੋਂ ਇੰਗਲੈਂਡ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਉਕਤ ਵਿਅਕਤੀ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਡਰਬੀ ਦਾ ਗੁਰੂ ਅਰਜਨ ਦੇਵ ਗੁਰਦੁਆਰਾ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦਾ ਹੈ। ਘਟਨਾ ਤੋਂ ਬਾਅਦ ਗੁਰਦੁਆਰੇ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਨਾ ਤਾਂ ਰੋਜ਼ ਹੁੰਦਾ ਆਨਲਾਈਨ ਗੁਰਬਾਣੀ ਪ੍ਰਸਾਰਣ ਬੰਦ ਹੋਵੇਗਾ ਤੇ ਨਾ ਹੀ ਲੰਗਰ ਰਾਹੀਂ ਕੀਤੀ ਜਾ ਰਹੀ ਸੇਵਾ ਬੰਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਂਝ ਗੁਰਦੁਆਰਾਸਾਹਿਬ ਵਿਚ ਕੰਮ ਕਰਨ ਵਾਲੇ ਸਿੰਘਾਂ ਤੇ ਸੇਵਾ ਕਾਰਜਾਂ ਵਿਚ ਜੁੜੀਆਂ ਸੰਗਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।