Doctors and technicians fainted : ਸੂਬੇ ਵਿਚ ਤਾਪਮਾਨ ਲਗਾਤਾਰ ਵਧ ਰਿਹਾ ਹੈ। ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਡਾਣਾਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ‘ਤੇ ਡਾਕਟਰਾਂ ਤੇ ਟੈਕਨੀਸ਼ੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਉਹ ਹਰੇਕ ਯਾਤਰੀ ਦੀ ਚੈਕਿੰਗ ਕਰ ਸਕਣ ਪਰ ਇਸੇ ਵਧਦੀ ਗਰਮੀ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ PPE ਕਿੱਟਾਂ ਪਾ ਕੇ ਲਗਾਤਾਰ 14 ਘੰਟੇ ਕੰਮ ਕਰ ਰਹੇ ਡਾਕਟਰ ਤੇ ਟੈਕਨੀਸ਼ੀਅਨ ਬੇਹੋਸ਼ ਹੋਣ ਦੀ ਖਬਰ ਮਿਲੀ ਹੈ। ਡਾਕਟਰਾਂ ਵਲੋਂ ਇਸ ਸਬੰਧੀ ਸਿਵਲ ਸਰਜਨ ਨੂੰ ਵੀ ਦੱਸਿਆ ਗਿਆ ਪਰ ਇਸ ਦਾ ਅਜੇ ਤਕ ਕੋਈ ਹੱਲ ਨਹੀਂ ਲੱਭਿਆ ਗਿਆ। ਡਾਕਟਰਾਂ ਤੇ ਟੈਕਨੀਸ਼ੀਅਨਾਂ ਦਾ ਕਹਿਣਾ ਹੈ ਕਿ ਅਜਿਹੀ ਤਪਦੀ ਗਰਮੀ ਵਿਚ ਪੀ. ਪੀ. ਕਿੱਟਾਂ ਪਹਿਨ ਕੇ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਇਸ ਵਿਚ ਕਿਸੇ ਤਰ੍ਹਾਂ ਦੀ ਹਵਾ ਨਹੀਂ ਲੱਗਦੀ। ਸਿਹਤ ਵਿਭਾਗ ਦੀ ਨਲਾਇਕੀ ਕਾਰਨ ਉਨ੍ਹਾਂ ਨੂੰ ਲਗਾਤਾਰ 14 ਘੰਟੇ ਡਿਊਟੀ ਦੇਣੀ ਪੈ ਰਹੀ ਹੈ।
ਡਾਕਟਰਾਂ ਨੇ ਸ਼ਿਕਾਇਤ ਕਰਦਿਆਂ ਕਿਹਾ ਕਿ ਜਿਸ ਜਗ੍ਹਾ ‘ਤੇ ਉਹ ਡਿਊਟੀ ਦੇ ਰਹੇ ਹਨ ਉਥੇ ਨਾ ਤਾਂ ਪੱਖੇ ਹਨ ਤੇ ਨਾ ਹੀ ਏ. ਸੀ। ਅੱਗੇ ਵੀ ਲੁਧਿਆਣਾ ਵਿਖੇ ਘਟੀਆ ਪੀ. ਪੀ. ਈ. ਕਿੱਟਾਂ ਪਹਿਨ ਕੇ ਕੰਮ ਕਰਨ ਨਾਲ ਕਈ ਨਰਸਾਂ ਵੀ ਬੇਹੋਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪ੍ਰਸ਼ਾਸਨ ਨੂੰ ਵਾਰ-ਵਾਰ ਇਸ ਸਬੰਧੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੇ ਅਧਿਕਾਰੀ ਕਰਮਚਾਰੀਆਂ ਦੀ ਸਿਹਤ ਦਾ ਵੀ ਧਿਆਨ ਨਹੀਂ ਰੱਖਦੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਦਿਸ਼ਾ ਵਿਚ ਸੁਚੱਜੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਉਹ ਡਾਕਟਰ ਜਿਹੜੇ ਆਪਣੀ ਜਾਨ ਜੋਖਿਮ ਵਿਚ ਪਾ ਕੇ ਡਿਊਟੀ ਨਿਭਾ ਰਹੇ ਹਨ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕੀਤਾ ਜਾ ਸਕੇ।