COVID-19 cases India surge: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਇੱਕ ਲੱਖ 45 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ । ਸਿਹਤ ਮੰਤਰਾਲੇ ਵਲੋਂ ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 1 ਲੱਖ 45 ਹਜ਼ਾਰ 380 ਹੋ ਗਈ ਹੈ, ਜਿਸ ਵਿੱਚੋਂ 4167 ਲੋਕਾਂ ਦੀ ਮੌਤ ਹੋ ਚੁੱਕੀ ਹੈ । ਉੱਥੇ ਹੀ 60 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 6535 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 146 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਜਿਸ ਤੋਂ ਬਾਅਦ ਦੇਸ਼ ਵਿੱਚ 80 ਹਜ਼ਾਰ ਤੋਂ ਵੱਧ ਸਰਗਰਮ ਮਾਮਲੇ ਹਨ । ਦੇਸ਼ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕੋਰੋਨਾ ਪੀੜਤਾਂ ਦਾ ਅੰਕੜਾ 52 ਹਜ਼ਾਰ 667 ਹੋ ਗਿਆ ਹੈ, ਜਿਸ ਵਿੱਚੋਂ 1695 ਦੀ ਮੌਤ ਹੋ ਚੁੱਕੀ ਹੈ।
ਉੱਥੇ ਹੀ, ਤਾਮਿਲਨਾਡੂ ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 17 ਹਜ਼ਾਰ ਪਾਰ ਕਰ ਗਈ ਹੈ ਅਤੇ ਇੱਥੇ ਹੁਣ ਤੱਕ 118 ਲੋਕ ਜਾਨ ਗੁਆ ਚੁੱਕੇ ਹਨ । ਮਹਾਂਰਾਸ਼ਟਰ ਅਤੇ ਤਾਮਿਲਨਾਡੂ ਤੋਂ ਬਾਅਦ ਗੁਜਰਾਤ ਵਿੱਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ । ਹੁਣ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ 14 ਹਜ਼ਾਰ 460 ਹੋ ਗਈ ਹੈ, ਜਿਸ ਵਿੱਚ 888 ਦੀ ਮੌਤ ਹੋ ਚੁੱਕੀ ਹੈ ।
ਦਿੱਲੀ ਵਿੱਚ ਵੀ ਕੁੱਲ ਕੋਰੋਨਾ ਮਰੀਜ਼ਾਂ ਦਾ ਅੰਕੜਾ 14 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ । ਇੱਥੇ ਹੁਣ ਤੱਕ 276 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਤੇਜ਼ੀ ਨਾਲ ਵੱਧ ਰਿਹਾ ਹੈ । ਇਸ ਤੋਂ ਇਲਾਵਾ ਰਾਜਸਥਾਨ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦਾ ਅੰਕੜਾ 7300 ਹੈ, ਜਿਸ ਵਿੱਚ 167 ਲੋਕਾਂ ਦੀ ਮੌਤ ਹੋ ਚੁੱਕੀ ਹੈ।