Corona Positive found : ਚੰਡੀਗੜ੍ਹ ਵਿਖੇ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਪੁਲਿਸ ਵਲੋਂ ਇਕ ਦੋਸ਼ੀ ਨੂੰ ਜਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਜਦੋਂ ਉਸ ਦੇ ਸੈਂਪਲ ਟੈਸਟ ਲਈ ਭੇਜੇ ਗਏ ਤਾਂ ਰਿਪੋਰਟ ਕੋਰੋਨਾ ਪਾਜੀਟਿਵ ਆਈ। ਇਸ ਤਰ੍ਹਾਂ ਚੰਡੀਗੜ੍ਹ ਵਿਖੇ ਕੋਰੋਨਾ ਜਿਲ੍ਹਾ ਅਦਾਲਤਾਂ ਤਕ ਵੀ ਪਹੁੰਚ ਗਿਆ ਹੈ। ਇਸ ਤਰ੍ਹਾਂ ਅਦਾਲਤਾਂ ਵਿਚ ਡਰ ਵਾਲਾ ਮਾਹੌਲ ਪੈਦਾ ਹੋ ਗਿਆ ਹੈ ਤੇ ਕੇਸ ਦੀ ਸੁਣਵਾਈ ਕਰਨ ਵਾਲੇ ਜੱਜ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਜਿਲ੍ਹਾ ਅਦਾਲਤਾਂ ਵਿਚ ਲੌਕਡਾਊਨ ਦੌਰਾਨ ਸਿਰਫ ਜ਼ਮਾਨਤ ਪਟੀਸ਼ਨ ‘ਤੇ ਹੀ ਸੁਣਵਾਈ ਹੋ ਰਹੀ ਹੈ ਤੇ ਜਿਲ੍ਹਾ ਅਦਾਲਤਾਂ ਵਲੋਂ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਕੋਰਟ ਰੂਮ ਨੂੰ ਸੈਨੇਟਾਈਜ ਕੀਤਾ ਜਾ ਰਿਹਾ ਹੈ ਤੇ ਕਿਸੇ ਨੂੰ ਵੀ ਬਿਨਾਂ ਮਾਸਕ ਦੇ ਅਦਾਲਤ ਵਿਚ ਆਉਣ ਦੀ ਇਜਾਜ਼ਤ ਨਹੀਂ ਹੈ। ਦੋਸ਼ੀ ਵਿਅਕਤੀ ਦੇ ਕੋਰੋਨਾ ਪਾਜੀਟਿਵ ਆਉਣ ਕਾਰਨ ਸਾਰੇ ਮਾਮਲਿਆਂ ਨੂੰ ਅੱਗੇ ਪਾ ਦਿੱਤਾ ਗਿਆ ਹੈ। ਦੂਜੇ ਪਾਸੇ ਜ਼ਿਆਦਾਤਰ ਜੱਜਾਂ ਨੇ ਮਹੱਤਵਪੂਰਨ ਕੇਸਾਂ ਦੀ ਸੁਣਵਾਈ ਆਪਣੇ ਘਰ ਤੋਂ ਹੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੰਮ ਵਿਚ ਵੀ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਏ।
ਮੰਗਲਵਾਰ ਨੂੰ ਜਿਲ੍ਹਾ ਅਦਾਲਤ ਵਿਚ ਜੱਜ ਇੰਦਰਜੀਤ ਸਿੰਘ ਦੀ ਕੋਰਟ ਵਿਚ ਇਕ ਦੋਸ਼ੀ ਨੂੰ ਪੇਸ ਕੀਤਾ ਗਿਆ। ਸੁਣਵਾਈ ਤੋਂ ਬਾਅਦ ਪਤਾ ਲੱਗਾ ਕਿ ਦੋਸ਼ੀ ਕੋਰੋਨਾ ਪਾਜੀਟਿਵ ਹੈ। ਇਸ ਤੋਂ ਬਾਅਦ ਜੱਜ ਇੰਦਰਜੀਤ ਨੂੰ ਤੁਰੰਤ ਹੀ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐੱਨ. ਕੇ. ਨੰਦਾ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ‘ਤੇ ਹੀ ਰਹਿ ਕੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਕੇਸਾਂ ਦੀ ਸੁਣਵਾਈ ਕਰਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ 5 ਜਾਂ 6 ਜ਼ਮਾਨਤ ਪਟੀਸ਼ਨ ‘ਤੇ ਹੀ ਫੈਸਲੇ ਸੁਣਾਏ ਜਾ ਰਹੇ ਹਨ। ਇਸ ਲਈ ਵਕੀਲਾਂ ਦੇ ਸਟਾਫ ਮੈਂਬਰਾਂ ਦੋਵਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।