RMMDAV School Teachers Protest: ਰਾਮਾਂ ਮੰਡੀ: ਸਥਾਨਕ ਸ਼ਹਿਰ ਦੇ ਬੰਗੀ ਰੋਡ ‘ਤੇ ਸਥਿਤ ਆਰ.ਐਮ.ਐਮ.ਡੀ.ਏ.ਵੀ ਸਕੂਲ ਦੇ ਅਧਿਆਪਕਾਂ ਨੇ ਪਿਛਲੇ 3 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਤੋਂ ਦੁਖੀ ਹੋ ਕੇ ਸਕੂਲ ਪ੍ਰਿੰਸੀਪਲ ਦੇ ਘਰ ਅੱਗੇ ਧਰਨਾ ਲਗਾਕੇ ਰੋਸ਼ ਪ੍ਰਦਰਸ਼ਨ ਕੀਤਾ। ਧਰਨੇ ਦੀ ਸੂਚਨਾ ਮਿਲਦੇ ਹੀ ਰਾਮਾਂ ਥਾਣਾ ਮੁਖੀ ਹਰਨੇਕ ਸਿੰਘ ਅਤੇ ਸਹਾਇਕ ਥਾਣੇਦਾਰ ਮੱਖਣ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਅਧਿਆਪਕਾਂ ਨੂੰ ਸਾਂਤ ਕੀਤਾ। ਇਸ ਮੌਕੇ ਅਧਿਆਪਕਾਂ ਨੇ ਸਕੂਲ ਮਨੇਜ਼ਮੈਂਟ ਕਮੇਟੀ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪਿਛਲੇ 3 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ। ਇਸ ਮੌਕੇ ਅਧਿਆਪਕਾਂ ਨੇ ਸਕੂਲ ਮਨੇਜ਼ਮੈਂਟ ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਸਕੂਲ ਵੱਲੋਂ ਉਨ੍ਹਾਂ ਨੂੰ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ, ਪ੍ਰੰਤੂ ਅਧਿਆਪਕਾਂ ਦੇ ਬੈਂਕ ਖਾਤਿਆਂ ਵਿੱਚ ਸੀ.ਬੀ.ਐਸ.ਈ ਦੇ ਨਿਯਮਾਂ ਅਨੁਸਾਰ ਤਨਖ਼ਾਹ ਪਾਈ ਜਾਂਦੀ ਹੈ, ਅਤੇ ਵਾਪਸ ਅਧਿਆਪਕਾਂ ਤੋਂ ਨਕਦ ਤਨਖਾਹ ਵਾਪਸ ਲੈ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਅਧਿਆਪਕਾਂ ਨੇ ਦੱਸਿਆ ਕਿ ਜੇਕਰ ਇਸ ਦੇ ਖਿਲਾਫ਼ ਕੋਈ ਅਧਿਆਪਕ ਅਵਾਜ਼ ਬੁਲੰਦ ਕਰਦਾ ਹੈ, ਤਾਂ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਇਸ ਮੌਕੇ ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਦੇ ਖਾਤਿਆਂ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਈ ਜਾਵੇ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਮਧੂ ਅਨੀਤਾ ਨੇ ਦੱਸਿਆ ਕਿ ਅਧਿਆਾਪਕਾਂ ਦੀ ਤਨਖ਼ਾਹ ਸਬੰਧੀ ਉਨ੍ਹਾਂ ਵੱਲੋਂ ਮਨੇਜ਼ਮੈਂਟ ਕਈ ਵਾਰ ਅਪੀਲ ਕਰ ਦਿੱਤੀ ਗਈ ਹੈ। ਸਕੂਲ ਮਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਵਰਿੰਦਰ ਮਹੇਸ਼ਵਰੀ, ਮੈਨੇਜ਼ਰ ਬਲਵੀਰ ਸਿੰਘ ਨੇ ਧਰਨੇ ਤੇ ਪਹੁੰਚ ਕੇ ਅਧਿਆਪਕਾਂ ਨੂੰ ਸਾਂਤ ਕੀਤਾ ਅਤੇ ਹਫਤੇ ਅੰਦਰ ਇੱਕ ਮਹੀਨੇ ਤਨਖ਼ਾਹ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।