family eat poison in kheer: ਰਾਮਾਂ ਮੰਡੀ: ਰਾਮਾਂ ਮੰਡੀ ਦੇ ਨੇੜਲੇ ਪਿੰਡ ਤਰਖਾਣਵਾਲਾ ਵਿਖੇ ਜ਼ਹਿਰੀਲੀ ਖੀਰ ਖਾਣ ਇੱਕੋ ਪਰਿਵਾਰ ਦੇ 4 ਮੈਂਬਰਾਂ ਦੇ ਬਿਮਾਰ ਅਤੇ ਇੱਕ ਮੈਂਬਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਤ ਸਮੇਂ ਖੀਰ ਨਾਲ ਸਾਰੇ ਦੇ ਪਰਿਵਾਰ ਦੇ ਮੈਂਬਰਾਂ ਦੇ ਪੇਟ ਵਿੱਚ ਦਰਦ ਹੋਣ ਲੱਗਾ, ਪਿੰਡ ਵਾਸੀਆਂ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਤੁਰੰਤ ਰਾਮਾਂ ਮੰਡੀ ਦੇ ਪ੍ਰਾਈਵੇਟ ਹਸਪਤਾਲ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਲੱਖਵਿੰਦਰ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਜਿੱਥੇ ਲੱਖਵਿੰਦਰ ਸਿੰਘ ਮੌਤ ਹੋ ਗਈ। ਡਾ. ਵੀਰ ਵਿਜੇ ਸਿੰਗਲ ਨੇ ਦੱਸਿਆ ਕਿ ਖਾਣੇ ਵਿੱਚ ਜ਼ਹਿਰ ਹੋਣ ਕਾਰਨ ਸਾਰੇ ਪਰਿਵਾਰ ਦੇ ਪੇਟ ਵਿੱਚ ਦਰਦ ਹੋਣ ਕਾਰਨ ਤਬੀਅਤ ਖ਼ਰਾਬ ਹੋਈ ਹੈ। ਰਾਮਾਂ ਥਾਣਾ ਮੁਖੀ ਹਰਨੇਕ ਸਿੰਘ ਨੇ ਦੱਸਿਆ ਕਿ ਗੁਰਮੀਤ ਕੌਰ ਪਤਨੀ ਬਲਜੀਤ ਸਿੰਘ ਨੇ ਬੀਤੀ ਰਾਤ ਖੀਰ ਬਣਾਈ ਸੀ ਅਤੇ ਖੀਰ ਬਣਾਉਣ ਉਪਰੰਤ ਉਹ ਪਿੰਡ ਦੇ ਡੇਰੇ ਵਿੱਚ ਮੱਥਾ ਟੇਕਣ ਚਲੇ ਗਏ, ਜਦੋਂ ਉਨ੍ਹਾਂ ਨੇ ਆ ਕੇ ਖੀਰ ਖਾਦੀ ਤਾਂ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਪੇਟ ਵਿੱਚ ਦਰਦ ਹੋਣ ਲੱਗ ਪਿਆ। ਉਨ੍ਹਾਂ ਨੂੰ ਤੁਰੰਤ ਰਾਮਾਂ ਮੰਡੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਬਲਜੀਤ ਸਿੰਘ (48), ਗੁਰਮੀਤ ਕੌਰ (45), ਸੁਖਜਿੰਦਰ ਕੌਰ (25), ਅਵਰੀਨ ਕੌਰ (5) ਦਾ ਇਲਾਜ਼ ਚੱਲ ਰਿਹਾ ਹੈ ਅਤੇ ਲੱਖਵਿੰਦਰ ਸਿੰਘ (26) ਦੀ ਮੌਤ ਹੋ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜ਼ਹਿਰੀਲੀ ਖੀਰ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।