Mr. Badal opposes Congress : ਸ. ਸੁਖਬੀਰ ਸਿੰਘ ਬਾਦਲ ਵਲੋਂ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਕਿਸਾਨਾਂ ਦੀਆਂ ਬੰਬੀਆਂ ‘ਤੇ ਬਿਲ ਲਗਾਉਣ ਦੇ ਕਾਂਗਰਸ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨੇ ਤੋਂ ਚੱਲ ਰਹੇ ਲੌਕਡਾਊਨ ਕਾਰਨ ਕਿਸਾਨਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਜਿਹੀ ਸਥਿਤੀ ਵਿਚ ਕਾਂਗਰਸ ਸਰਕਾਰ ਵਲੋਂ ਅਜਿਹਾ ਫੈਸਲਾ ਲਿਆ ਜਾਣਾ ਸੱਚਮੁੱਚ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਕ ਤਾਂ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਪਰ ਫਿਰ ਵੀ ਉਹ ਸਖਤ ਮਿਹਨਤ ਕਰਕੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਲੱਗੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ 1997 ਵਿਚ ਅਕਾਲੀ-ਭਾਜਪਾ ਸਰਕਾਰ ਦੀ ਅਗਵਾਈ ਵਿਚ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿੱਤੀਗਈ ਸੀ ਤੇ ਕਾਂਗਰਸ ਸਰਕਾਰ ਵਲੋਂ ਇਸ ਸਹੂਲਤ ਨੂੰ ਖਤਮ ਕਰਨ ਦਾ ਚੁੱਕਿਆ ਗਿਆ ਇਹ ਪਹਿਲਾ ਕਦਮ ਹੈ, ਜੋ ਕਿ ਨਿੰਦਣਯੋਗ ਹੈ।
ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡੀ. ਬੀ. ਟੀ. ਅਖੌਤੀ ਸਿੱਧੀ ਲਾਭ ਤਬਾਦਲਾ ਨੀਤੀ ਦਾ ਮਤਲਬ ਹੈ ਕਿ ਹੁਣ ਕਿਸਾਨਾਂ ਦੀਆਂ ਬੰਬੀਆਂ ‘ਤੇ ਮੀਟਰ ਲਗਾਏ ਜਾਣਗੇ ਤੇ ਉਨ੍ਹਾਂ ਕੋਲੋਂ ਬਿਲ ਵਸੂਲੇ ਜਾਣਗੇ। ਭਾਵੇਂ ਸਰਕਾਰ ਵਲੋਂ ਇਨ੍ਹਾਂ ਬਿੱਲਾਂ ਦੀ ਰਕਮ ਵਾਪਸੀ ਦਾ ਵਾਅਦਾ ਕੀਤਾ ਜਾ ਰਿਹਾ ਹੈ ਪਰ ਉਹ ਸਰਕਾਰ ਜਿਹੜੇ ਕਰਮਚਾਰੀਆਂ ਨੂੰ ਮੈਡੀਕਲ ਤੇ ਦੂਜੇ ਭੱਤਿਆਂ ਦੀ ਅਦਾਇਗੀ ਕਰਨ ਵਿਚ ਅਸਫਲ ਰਹੀ ਉਸ ਸਰਕਾਰ ਤੋਂ ਡੀ. ਬੀ. ਟੀ. ਰਾਹੀਂ ਕਿਸਾਨਾਂ ਦੇ ਬਿੱਲਾ ਦੇ ਪੈਸਿਆਂ ਦੀ ਵਾਪਸ ਅਦਾਇਗੀ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ।
ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਹਮੇਸ਼ਾ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦਾ ਵਿਰੋਧ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਨੇ ਕਿਹਾ ਕਿ ਜੇਕਰ ਕੈਬਨਿਟ ਵਲੋਂ ਜਾਰੀ ਕੀਤੇ ਗਏ ਫੈਸਲੇ ਨੂੰ ਅਮਲ ਰੂਪ ਵਿਚ ਲਿਆਂਦਾ ਗਿਆ ਤਾਂ ਉਹ ਚੁੱਪ ਨਹੀਂ ਬੈਠਣਗੇ ਤੇ ਉਹ ਕਿਸਾਨਾਂ ਨਾਲ ਹਰ ਸਮੇਂ ਉਨ੍ਹਾਂ ਖੜ੍ਹੇ ਹਨ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਸਰਵਉੱਚ ਕੋਰ ਕਮੇਟੀ ਵੀ ਬੁਲਾ ਲਈ ਹੈ ਅਤੇ ਇਹ ਮੀਟਿੰਗ 30 ਮਈ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਸ. ਬਾਦਲ ਨੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਆਪਣਾ ਫੈਸਲਾ ਬਦਲ ਲੈਣ ਨਹੀਂ ਤਾਂ ਅਕਾਲੀ ਦਲ ਵਲੋਂ ਇਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਮੂਕ ਦਰਸ਼ਕ ਬਣ ਕੇ ਨਹੀਂ ਖੜ੍ਹੇ ਰਹਿਣਗੇ।