Free power supply to : ਕਿਸਾਨਾਂ ਕੋਲੋਂ ਪਾਣੀ ਦਾ ਬਿਲ ਵਸੂਲਣ ਦੇ ਮਾਮਲੇ ‘ਤੇ ਚੁੱਪੀ ਨੂੰ ਤੋੜਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਮਿਲਦੀ ਮੁਫਤ ਬਿਜਲੀ ਦੀ ਸਪਲਾਈ ਕਿਸੇ ਵੀ ਕੀਮਤ ‘ਤੇ ਬੰਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਔਖੇ ਸਮੇਂ ਕਿਸਾਨਾਂ ਕਿਹੜੇ ਹਾਲਾਤਾਂ ਵਿਚੋਂ ਲੰਘ ਰਹੇ ਹਨ, ਇਸ ਦਾ ਅੰਦਾਜ਼ਾ ਉਨ੍ਹਾਂ ਨੂੰ ਹੈ ਅਤੇ ਉਹ ਕਿਸਾਨਾਂ ਵਲੋਂ ਇਸ ਮੁਸ਼ਕਿਲ ਘੜੀ ਵਿਚ ਉਨ੍ਹਾਂ ਦਾ ਸਾਥ ਦੇਣ ਦੇ ਉਪਰਾਲੇ ਦੀ ਵੀ ਪ੍ਰਸ਼ੰਸਾ ਕਰਦੇ ਹਨ।
ਕਲ ਕੈਬਨਿਟ ਵਲੋਂ ਕੀਤੇ ਐਲਾਨ ਕਿ ਕਿਸਾਨਾਂ ਦੀਆਂ ਬੰਬੀਆਂ ‘ਤੇ ਮੋਟਰਾਂ ਲਗਾ ਕੇ ਬਿੱਲ ਵਸੂਲਣ ਦਾ ਮੁੱਦਾ ਚੁੱਕਿਆ ਗਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ। ਇਸੇ ਸਬੰਧ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਚਿੱਠੀ ਲਿਖੀ ਸੀ। ਕੈਪਟਨ ਨੇ ਟਵੀਟ ਰਾਹੀਂ ਜਵਾਬ ਦਿੰਦਿਆਂ ਸਾਰੇ ਸਵਾਲਾਂ ‘ਤੇ ਵਿਰਾਮ ਲਗਾ ਦਿੱਤਾ ਹੈ। ਕੈਬਨਿਟ ਵਿਚ ਫੈਸਲਾ ਲਿਆ ਗਿਆ ਸੀ ਕਿ ਸੂਬੇ ਦੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੀ ਬਜਾਏ ਡੀ. ਬੀ. ਟੀ. ਰਾਹੀਂ ਫੰਡ ਟਰਾਂਸਫਰ ਕੀਤੇ ਜਾਣਗੇ। ਇਸ ‘ਤੇ ਸ. ਬਾਦਲ ਨੇ ਕਿਹਾ ਸੀ ਕਿ ਹੁਣ ਕਾਂਗਰਸ ਸਰਕਾਰ ਵਿਚ ਬਹੁਤ ਸਾਰੇ ਨੇਤਾ ਅਜਿਹੇ ਹਨ ਜੋ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੇ ਹੱਕ ਵਿਚ ਨਹੀਂ ਹਨ ਤੇ ਕੈਪਟਨ ਸਰਕਾਰ ਵਲੋਂ ਮੁਫਤ ਪਾਣੀ ਬਿਜਲੀ ਨੂੰ ਖਤਮ ਕਰਨ ਵਲ ਉਨ੍ਹਾਂ ਦਾ ਇਹ ਪਹਿਲਾ ਕਦਮ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਅੱਜ ਮੁੱਖ ਮੰਤਰੀ ਵਲੋਂ ਕੀਤੇ ਗਏ ਐਲਾਨ ਤੋਂ ਬਾਅਦ ਵਿਰੋਧ ਘੱਟ ਹੋਣ ਦੀ ਉਮੀਦ ਹੈ।