Corona rage continues : ਸੂਬੇ ਵਿਚ ਕੋਰੋਨਾ ਦੇ ਕੇਸ ਦੁਬਾਰਾ ਤੋਂ ਵਧ ਰਹੇ ਹਨ। ਜਿਲ੍ਹਾ ਅੰਮ੍ਰਿਤਸਰ ਵਿਖੇ ਅੱਜ ਸਵੇਰੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਨਵੇਂ ਕੇਸ ਪੁਰਾਣੇ ਪਾਜੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਹਨ। ਅੰਮ੍ਰਿਤਸਰ ਵਿਚ ਹੁਣ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 383 ਹੋ ਗਈ ਹੈ ਤੇ ਇਸ ਵਾਇਰਸ ਨਾਲ ਲਗਭਗ 7 ਮੌਤਾਂ ਹੋ ਚੁੱਕੀਆਂ ਹਨ। ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਦੋ ਮਰੀਜ਼ਾਂ ਦੀ ਹਾਲਤ ਬਹੁਤ ਹੀ ਗੰਭੀਰ ਹੈ। ਭਾਵੇਂ 307 ਮਰੀਜ਼ ਠੀਕ ਹੋ ਕੇ ਘਰ ਵਾਪਸ ਜਾ ਚੁੱਕੇ ਹਨ ਪਰ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਕਾਰਨ ਜਿਲ੍ਹੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਹ ਪ੍ਰਸ਼ਾਸਨ ਲਈ ਵੀ ਚਿੰਤਾ ਦੀ ਗੱਲ ਹੈ।
ਅੰਮ੍ਰਿਤਸਰ ਵਿਚ ਕਲ ਵੀ 14 ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਪੇਂਡੂ ਖੇਤਰ ਨਾਲ ਸਬੰਧਤ ਹਨ। ਇਹ ਮਾਮਲੇ ਪਿੰਡ ਮੱਲੀਆਂ ਨਾਲ ਸਬੰਧਤ ਹਨ, 5 ਬਾਬਾ ਬਕਾਲਾ ਦੇ ਪਿੰਡਾਂ ਦੇ ਹਨ। ਸ਼ਰੀਫਪੁਰਾ, ਕਰੋੜੀ ਚੌਕ, ਗਰੀਨ ਐਵੇਨਿਊ ਤੇ ਕੱਟੜਾ ਮੋਤੀ ਰਾਮ ਵਿਖੇ 1-1 ਕੋਰੋਨਾ ਪਾਜੀਟਿਵ ਮਰੀਜ਼ ਪਾਇਆ ਗਿਆ ਹੈ। ਸੂਬੇ ਵਿਚ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਧਣ ਦਾ ਮੁੱਖ ਕਾਰਨ ਵਿਦੇਸ਼ਾਂ ਤੋਂ ਤੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਵਿਅਕਤੀ ਹਨ। ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 43 ਤਕ ਪੁੱਜ ਗਿਆ ਹੈ। ਅੱਜ ਹੀ ਜਿਲ੍ਹਾ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿਖੇ ਇਕ ਕੋਰੋਨਾ ਪਾਜੀਟਿਵ ਮਰੀਜ਼ ਦੀ ਮੌਤ ਹੋ ਗਈ। ਕਲ ਵੀ ਕੋਰੋਨਾ ਵਾਇਰਸ ਨਾਲ ਦੋ ਮੌਤਾਂ ਹੋਈਆਂ ਹਨ।
ਲੌਕਡਾਊਨ ਵਿਚ ਢਿੱਲ ਦੇ ਕਾਰਨ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਪ੍ਰਸ਼ਾਸਨ ਵਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਕਲ ਸੂਬਾ ਸਰਕਾਰ ਵਲੋਂ ਐਲਾਨ ਕੀਤਾ ਗਿਆ ਕਿ ਜਿਹੜਾ ਵੀ ਵਿਅਕਤੀ ਬਿਨਾਂ ਮਾਸਕ ਤੋਂ ਦਿਖਦਾ ਹੈ ਜਾਂ ਜਨਤਕ ਥਾਵਾਂ ‘ਤੇ ਥੁੱਕਦਾ ਹੈ ਤਾਂ ਉਸ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਤੇ ਜੇਕਰ ਕੋਈ ਵਿਅਕਤੀ ਕਾਨੂੰਨੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਰੁੱਧ ਸਖਤ ਕਦਮ ਚੁੱਕੇ ਜਾਣਗੇ।