Playing stereo loudly : ਚੰਡੀਗੜ੍ਹ ਪੁਲਿਸ ਨੇ ਨਾਕੇ ‘ਤੇ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਮਰਸੀਡਜ਼ ਵਿਚ ਤੇਜ਼ ਆਵਾਜ਼ ਵਿਚ ਸਟੀਰੀਓ ਵਜਾਉਣਾ ਉਸ ਦੇ ਕਜ਼ਨ ਸ਼ਮਰੀਤ ਨੂੰ ਭਾਰੀ ਪਿਆ। ਸ਼ਮਰੀਤ ਕੋਲ ਪੂਰੇ ਕਾਗਜ਼ਾਤ ਵੀ ਨਹੀਂ ਸਨ ਜਿਸ ਕਰਕੇ ਉਨ੍ਹਾਂ ਨੇ ਗੱਡੀ ਨੂੰ ਜ਼ਬਤ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਥਾਣਾ ਇੰਚਾਰਜ ਸੁਰਿੰਦਰ ਸਿੰਘ ਹੈੱਡ ਕਾਂਸਟੇਬਲ ਅਵਤਾਰ ਸਿੰਘ ਨੇ ਟੀਮ ਨਾਲ ਜੇਲ ਰੋਡ ਦੀ ਪਿਛਲੀ ਸਾਈਡ ਨਾਕਾ ਲਗਾਇਆ ਹੋਇਆ ਸੀ। ਸ਼ੁੱਕਰਵਾਰ ਸ਼ਾਮ ਲਗਭਗ 6.30 ਵਜੇ ਮੋਹਾਲੀ ਵਲੋਂ ਤੇਜ਼ ਰਫਤਾਰ ਨਾਲ ਸਫੈਦ ਰੰਗ ਦੀ ਮਰਸੀਡੀਜ (ਪੀਬੀ-11 ਬੀਟੀ0001) ਚੰਡੀਗੜ੍ਹ ਵਲ ਜਾ ਰਹੀ ਸੀ। ਮਰਸੀਡੀਜ਼ ਵਿਚ ਉੱਚੀ ਆਵਾਜ਼ ਵਿਚ ਸਟੀਰੀਓ ਵਜ ਰਿਹਾ ਸੀ। ਇਸ ‘ਤੇ ਪੁਲਿਸ ਕਰਮਚਾਰੀਆਂ ਨੇ ਗੱਡੀ ਰੁਕਵਾ ਲਈ। ਪੁਲਿਸ ਨੇ ਚਾਲਕ ਤੋਂ ਉਚੀ ਆਵਾਜ਼ ਵਿਚ ਵਜ ਰਹੇ ਮਿਊਜਿਕ ਨੂੰ ਬੰਦ ਕਰਾਇਆ ਅਤੇ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਨਾਂ ਸ਼ਮਰੀਤ ਦੱਸਿਆ ਅਤੇ ਕਿਹਾ ਕਿ ਉਹ ਗਾਇਕ ਮਨਕੀਰਤ ਔਲਖ ਦਾ ਕਜ਼ਨ ਹੈ।
ਪੁਲਿਸ ਨੇ ਗੱਡੀ ਦੇ ਕਾਗਜ਼ਾਤ ਮੰਗੇ ਤਾਂ ਉਹ ਦਿਖਾ ਨਹੀਂ ਸਕਿਆ। ਇਸ ਤੋਂ ਬਾਅਦ ਪੁਲਿਸ ਨੇ ਚਾਲਾਨ ਕੱਟ ਕੇ ਮਰਸੀਡੀਜ ਜ਼ਬਤ ਕਰ ਲਈ। ਬਾਅਦ ਵਿਚ ਪੁਲਿਸ ਨੂੰ ਪਤਾ ਲੱਗਾ ਕਿ ਇਹ ਗੱਡੀ ਮਨਕੀਰਤ ਔਲਖ ਦੀ ਹੈ। ਸ਼ਮਰੀਤ ਨੂੰ ਕਿਸੇ ਕੰਮ ਤੋਂ ਮੋਹਾਲੀ ਤੋਂ ਚੰਡੀਗੜ੍ਹ ਜਾਣਾ ਸੀ ਪਰ ਚੰਡੀਗੜ੍ਹ ਪੁਲਿਸ ਨੇ ਰਸਤੇ ਵਿਚ ਹੀ ਗੱਡੀ ਜ਼ਬਤ ਕਰ ਲਈ। ਸੈਕਟਰ-49 ਪੁਲਿਸ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ‘ਤੇ ਗੱਡੀ ਨੂੰ ਜ਼ਬਤ ਕੀਤਾ ਗਿਆ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪਿਛਲੇ ਮਹੀਨੇ ਇਕ ਆਰਡਰ ਜਾਰੀ ਕੀਤਾ ਸੀ। ਇਸ ਵਿਚ ਲੌਕਡਾਊਨ ਦੌਰਾਨ ਜੇਕਰ ਕਿਸੇ ਦੀ ਗੱਡੀ ਜ਼ਬਤ ਹੁੰਦੀ ਹੈ ਤਾਂ ਉਸ ਨੂੰ 4 ਤੋਂ 5 ਦਿਨ ਬਾਅਦ ਹੀ ਸੈਕਟਰ-29 ਟ੍ਰੈਫਿਕ ਲਾਈਨ ਤੋਂ ਛੁਡਾਇਆ ਜਾ ਸਕਦਾ ਹੈ।