District administration delivers milk: ਜਲੰਧਰ : ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਲਾਕਡਾਊਨ ਦੌਰਾਨ ਲੋਕਾਂ ਦੇ ਘਰਾਂ ਤੱਕ ਜਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਦੀ ਕੜੀ ਵਜੋਂ ਅੱਜ ਜ਼ਿਲਾ ਪ੍ਰਸ਼ਾਸਨ ਵਲੋਂ 114280 ਲੀਟਰ ਦੁੱਧ ਅਤੇ 5192 ਕੁਇੰਟਲ ਫ਼ਲ ਅਤੇ ਸਬਜ਼ੀਆਂ ਲੋਕਾਂ ਦੇ ਘਰਾਂ ਤੱਕ ਮੁਹੱਈਆ ਕਰਵਾਈਆ ਗਈਆਂ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਮਿਲਕ ਫ਼ੈਡ, ਮੰਡੀ ਬੋਰਡ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵਲੋਂ 23 ਮਾਰਚ ਤੋਂ ਜ਼ਿਲੇ ਦੇ ਹਰ ਖੇਤਰ ਵਿੱਚ ਜਰੂਰੀ ਚੀਜਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਜਨਰਲ ਮੇਨੈਜਰ ਮਿਲਕਫੈਡ ਸ੍ਰੀ ਰੁਪਿੰਦਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਵੇਰਕਾ ਦੀਆਂ ਟੀਮਾਂ ਵਲੋਂ ਜ਼ਿਲੇ ਦੇ ਵੱਧ ਤੋਂ ਵੱਧ ਘਰਾਂ ਵਿੱਚ ਦੁੱਧ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਵੇਰਕੇ ਦੇ ਅਧਿਕਾਰਤ ਡੀਲਰਾਂ ਵਲੋ 114280 ਲੀਟਰ ਦੁੱਧ,766 ਕਿਲੋ ਪਨੀਰ,10430 ਕਿਲੋ ਦਹੀਂ, 23424 ਲੀਟਰ ਲੱਸੀ, 336 ਕਿਲੋ ਖੀਰ ਲੋਕਾਂ ਦੇ ਘਰਾਂ ਤੱਕ ਪਹੁੰਚਾਏ ਗਏ। ਇਸੇ ਤਰਾਂ ਜ਼ਿਲਾ ਮੰਡੀ ਅਫ਼ਸਰ ਜਲੰਧਰ ਦਵਿੰਦਰ ਸਿੰਘ ਕੈਂਥ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ 5192 ਕੁਇੰਟਲ ਫ਼ਲ ਅਤੇ ਸਬਜ਼ੀਆਂ ਲੋਕਾਂ ਦੇ ਘਰਾਂ ਤੱਕ ਯਕੀਨੀ ਬਣਾਈਆਂ ਗਈਆਂ ਤਾਂ ਕਿ ਲੋਕਾਂ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਨੂੰ ਜਰੂਰੀ ਚੀਜ਼ਾਂ ਪ੍ਰਾਪਤ ਕਰਨ ਵਿੱਚ ਕੋਈ ਸਮੱਸਿਆ ਪੇਸ਼ ਨਾ ਆਵੇ।