Challan for mask rule: ਜਲੰਧਰ: ਮਾਸਕ ਨਾ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ 1939 ਚਲਾਨ ਕਰਕੇ ਉਨ੍ਹਾਂ ਪਾਸੋਂ 3.96 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਦੇ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੁਣ ਤੱਕ 1939 ਲੋਕਾਂ ਪਾਸੋਂ ਮਾਸਕ ਨਾ ਪਾਉਣ ਕਰਕੇ 3.96 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਹੋਮ ਕੁਆਰੰਟੀਨ ਦੇ ਨਿਯਮਾਂ ਦੀ ਉਲੰਘਣਾ ਕਰਨ ’ਤੇ 1000 ਰੁਪਏ ਦਾ ਜੁਰਮਾਨਾ ਕੀਤਾ ਲਗਾਇਆ ਗਿਆ ਹੈ ।
ਉਨ੍ਹਾਂ ਅੱਗੇ ਦੱਸਿਆ ਕਿ 213 ਵਿਅਕਤੀਆਂ ਨੂੰ ਜਨਤਕ ਥਾਵਾਂ ’ਤੇ ਥੁੱਕਣ ਕਰਕੇ 21300 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ । ਭੁੱਲਰ ਨੇ ਅੱਗੇ ਦੱਸਿਆ ਕਿ ਅੱਜ ਸ਼ਨੀਵਾਰ ਨੂੰ 354 ਟ੍ਰੈਫਿਕ ਚਲਾਨ ਕਰਕੇ 9 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੱਜ ਮਾਸਕ ਨਾ ਪਾਉਣ ਵਾਲੇ 139 ਵਿਅਕਤੀਆਂ ਦੇ ਚਲਾਨ ਕਰਕੇ 35300 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ । ਉਨ੍ਹਾਂ ਇਹ ਵੀ ਦੱਸਿਆ ਕਿ 13 ਵਿਅਕਤੀਆਂ ਨੂੰ ਜਨਤਕ ਥਾਵਾਂ ’ਤੇ ਥੁੱਕਣ ਕਰਕੇ 1300 ਰੁਪਏ ਦਾ ਜੁਰਮਾਨਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਉਣ ਲਈ ਇਸ ਮੁਹਿੰਮ ਨੂੰ ਪੂਰੇ ਜ਼ੋਰਾਂ ਨਾਲ ਚਲਾਇਆ ਜਾਵੇਗਾ ।
ਇਸ ਤੋਂ ਅੱਗੇ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਮਾਸਕ ਪਾਉਣ ਤੋਂ ਬਿਨ੍ਹਾਂ ਪਾਇਆ ਜਾਂਦਾ ਹੈ ਤਾਂ ਉਸ ਨੂੰ 500 ਰੁਪਏ ਜੁਰਮਾਨਾ ਅਤੇ ਇਸੇ ਤਰ੍ਹਾਂ ਹੋਮ ਕੁਆਰੰਟੀਨ ਦੀ ਉਲੰਘਣਾਂ ’ਤੇ 2000 ਰੁਪਏ, ਜਨਤਕ ਥਾਵਾਂ ’ਤੇ ਥੁੱਕਣ ਲਈ 500 ਰੁਪਏ, ਮਾਲ ਅਤੇ ਦੁਕਾਨਾਂ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ ’ਤੇ 2000 ਰੁਪਏ, ਬੱਸਾਂ ਵੱਲੋਂ ਸਮਾਜਿਕ ਦੂਰੀ ਦੀ ਉਲੰਘਣਾ ’ਤੇ 3000 ਰੁਪਏ, ਕਾਰ ਮਾਲਕਾਂ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ ’ਤੇ 2000 ਰੁਪਏ ਅਤੇ ਆਟੋ ਰਿਕਸ਼ਾ, ਦੋ ਪਹੀਆ ਵਾਹਨ ਮਾਲਕਾਂ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ ’ਤੇ 500 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ ।