Rama Mandi Refinery Township : ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਰਾਮਾ ਮੰਡੀ ਰਿਫਾਇਨਰੀ ਟਾਊਸ਼ਨਸ਼ਿਪ ਵਿਚ ਇਕ ਕੋਰੋਨਾ ਪਾਜੀਟਿਵ ਮਰੀਜ਼ ਪਾਇਆ ਗਿਆ ਹੈ। ਉਕਤ ਪਾਜੀਟਿਵ ਪਾਈ ਗਈ ਔਰਤ ਕੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਵਾਪਸ ਪਰਤੀ ਸੀ ਅਤੇ ਉਸ ਨੂੰ ਘਰ ਵਿਚ ਹੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਟਾਊਨਸ਼ਿਪ ਵਿਚ ਏਕਾਂਤਵਾਸ ਕੀਤਾ ਗਿਆ ਸੀ। ਸਿਹਤ ਵਿਭਾਗ ਵਲੋਂ ਸ਼ਨੀਵਾਰ ਨੂੰ ਮਿਲੀਆਂ ਦੋ ਰਿਪੋਰਟਾਂ ਵਿਚੋਂ ਇਕ ਰਿਪੋਰਟ ਪਾਜੀਟਿਵ ਆਈ ਹੈ ਅਤੇ ਇਕ ਰਿਪੋਰਟ ਨੈਗੇਟਿਵ ਆਈ ਹੈ। ਦੂਜੀ ਰਿਪੋਰਟ ਉਕਤ ਔਰਤ ਦੇ ਪਤੀ ਦੀ ਹੈ, ਜੋ ਕੋਰੋਨਾ ਪਾਜੀਟਿਵ ਪਾਈ ਗਈ ਹੈ।
ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਲਗਭਗ 113 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਪੈਂਡਿੰਗ ਹੈ। ਇਸ ਤੋਂ ਪਹਿਲਾਂ ਵੀ ਦੁਬਈ ਤੋਂ ਪਰਤੇ ਇਕ ਵਿਅਕਤੀ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਅੱਜ ਨੈਗੇਟਿਵ ਆਉਣ ‘ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਰਾਮਾ ਮੰਡੀ ਵਿਖੇ ਕੁੱਲ 5 ਐਕਟਿਵ ਕੇਸ ਹਨ। ਸੂਬੇ ਵਿਚ ਹੁਣ ਤਕ ਕੋਰੋਨਾ ਨਾਲ 44 ਮੌਤਾਂ ਹੋ ਚੁੱਕੀਆਂ ਹਨ।
ਸੂਬਾ ਸਰਕਾਰ ਵਲੋਂ ਵਾਰ-ਵਾਰ ਕੋਰੋਨਾ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਹੁਣ ਮਾਸਕ ਨਾ ਲਗਾਉਣ ‘ਤੇ ਅਤੇ ਜਨਤਕ ਥਾਵਾਂ ‘ਤੇ ਥੁੱਕਣ ‘ਤੇ ਸੂਬਾ ਸਰਕਾਰ ਵਲੋਂ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਵਲੋਂ ਲੌਕਡਾਊਨ 5.0 ਵਿਚ ਕੇਂਦਰ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ ਢਿੱਲ ਦਿੱਤੀ ਜਾਵੇਗੀ। ਨਾਲ ਹੀ ਜੇਕਰ ਕੋਈ ਪ੍ਰਸ਼ਾਸਨਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਕਦਮ ਚੁੱਕੇ ਜਾਣਗੇ।