India Coronavirus highest spike: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸੋਮਵਾਰ ਨੂੰ ਇਹ ਅੰਕੜਾ 2 ਲੱਖ ਦੇ ਨੇੜੇ ਪਹੁੰਚ ਗਿਆ ਹੈ । ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਕੋਰੋਨਾ ਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 1 ਲੱਖ 90 ਹਜ਼ਾਰ ਤੋਂ ਵੱਧ ਹੈ । ਦੇਸ਼ ਵਿੱਚ ਇਸ ਮਹਾਂਮਾਰੀ ਕਾਰਨ ਹੁਣ ਤੱਕ ਲਗਭਗ 5400 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 8,392 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ। ਦੇਸ਼ ਵਿੱਚ 24 ਘੰਟਿਆਂ ਵਿੱਚ 230 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿੱਚ ਸਭ ਤੋਂ ਪ੍ਰਭਾਵਿਤ ਰਾਜਾਂ ਵਿੱਚ ਮਹਾਂਰਾਸ਼ਟਰ ਸਭ ਤੋਂ ਉੱਪਰ ਹੈ, ਜਿੱਥੇ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 67 ਹਜ਼ਾਰ ਨੂੰ ਪਾਰ ਕਰ ਗਈ ਹੈ, ਜਦੋਂ ਕਿ ਇੱਥੇ 36 ਹਜ਼ਾਰ ਤੋਂ ਵੱਧ ਸਰਗਰਮ ਕੇਸ ਹਨ, ਹੁਣ ਤੱਕ ਰਾਜ ਵਿੱਚ ਕੋਰੋਨਾ ਵਾਇਰਸ ਕਾਰਨ 2286 ਦੀ ਮੌਤ ਹੋ ਚੁੱਕੀ ਹੈ ।
ਮਹਾਂਰਾਸ਼ਟਰ ਤੋਂ ਬਾਅਦ ਤਾਮਿਲਨਾਡੂ ਵਿੱਚ ਲਗਭਗ 22 ਹਜ਼ਾਰ ਮਾਮਲੇ, ਦਿੱਲੀ ਵਿੱਚ 19 ਹਜ਼ਾਰ, ਗੁਜਰਾਤ ਵਿੱਚ 16 ਹਜ਼ਾਰ ਕੇਸ ਹਨ । ਮਹਾਰਾਸ਼ਟਰ ਤੋਂ ਬਾਅਦ ਗੁਜਰਾਤ ਅਜਿਹਾ ਰਾਜ ਹੈ ਜਿੱਥੇ 1 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ ।ਪਿਛਲੇ ਇੱਕ ਹਫ਼ਤੇ ਦੌਰਾਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਦਰ ਬਹੁਤ ਤੇਜ਼ੀ ਨਾਲ ਵਧੀ ਹੈ । ਹੁਣ ਭਾਰਤ ਦੁਨੀਆ ਦੇ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿੱਚ ਸੱਤਵੇਂ ਨੰਬਰ ‘ਤੇ ਪਹੁੰਚ ਗਿਆ ਹੈ । ਭਾਰਤ ਨੇ ਸੋਮਵਾਰ ਨੂੰ ਨਵੇਂ ਅੰਕੜਿਆਂ ਨਾਲ ਜਰਮਨੀ ਅਤੇ ਫਰਾਂਸ ਨੂੰ ਪਿੱਛੇ ਛੱਡ ਦਿੱਤਾ ਹੈ ।