Punjab Police arrest gangster : ਲੁਧਿਆਣਾ ਵਿੱਚ ਹਾਲ ਹੀ ਵਿੱਚ ਵਾਪਰੀ 2 ਕਿੱਲੋ ਸੋਨੇ ਦੀ ਡਕੈਤੀ ਦੇ ਦੋਸ਼ੀ ਸਰਗਣੇ ਨੂੰ ਗ੍ਰਿਫ਼ਤਾਰ ਕਰਨ ਵਿਚ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਨੇ ਰਾਜ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਲਾਂਬੂ ਲਾਉਣ ਲਈ ਖ਼ਾਲਿਸਤਾਨ ਪੱਖੀ ਏਜੰਡੇ ਦੇ ਹਿੱਸੇ ਵਜੋਂ ਮਿਥ ਕੇ ਕਤਲਾਂ ਨੂੰ ਅੰਜ਼ਾਮ ਦੇਣ ਲਈ ਫੰਡ ਇਕੱਤਰ ਕਰਨ ਦੀ ਯੋਜਨਾ ਤਿਆਰ ਕੀਤੀ ਸੀ। ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਦੀ ਇੱਕ ਵਿਸ਼ੇਸ਼ ਟੀਮ ਨੇ ਐਸ.ਏ.ਐਸ.ਨਗਰ ਤੋਂ ਅਤਿ ਲੋੜੀਂਦੇ ਗੈਂਗਸਟਰ-ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੀ ਪਛਾਣ ਤੇਜਿੰਦਰ ਸਿੰਘ ਉਰਫ਼ ਤੇਜਾ ਉਰਫ਼ ਜੁਝਾਰ ਸਿੰਘ ਵਾਸੀ ਮਹਿਦਪੁਰ, ਥਾਣਾ ਬਲਾਚੌਰ (ਜ਼ਿਲ੍ਹਾ ਐਸ.ਬੀ.ਐੱਸ. ਨਗਰ) ਵਜੋਂ ਹੋਈ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਦੋਸ਼ੀ ਤੇਜਿੰਦਰ ਕੋਲੋਂ ਪੰਜਾਬ ਪੁਲਿਸ ਦੀ ਵਰਦੀ ਦਾ ਇੱਕ ਸੈੱਟ, ਸੀਮਾ ਸੁਰੱਖਿਆ ਬੱਲ (ਐਸਐਸਬੀ) ਜੋ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀ ਅਰਧ ਸੈਨਿਕ ਬਲ ਹੈ, ਦਾ ਇੱਕ ਆਈਡੀ ਕਾਰਡ ਬਰਾਮਦ ਕੀਤਾ ਸੀ, ਜੋ ਜਨਵਰੀ 2020 ਵਿੱਚ ਖਰੜ (ਨੇੜੇ ਐਸ.ਏ.ਐੱਸ. ਨਗਰ) ਤੋਂ ਟੋਯੋਟਾ ਫਾਰਚੂਨਰ ਖੋਹਣ ਦੀ ਇੱਕ ਘਟਨਾ ਵਿੱਚ ਮੁੱਖ ਮੁਲਜ਼ਮ ਵੀ ਸੀ। ਪੁਲਿਸ ਨੇ ਤੇਜਿੰਦਰ ਦੇ ਕਬਜ਼ੇ ਵਿੱਚੋਂ ਇੱਕ 30 ਬੋਰ ਦਾ ਚੀਨੀ ਪਿਸਤੌਲ, 10 ਕਾਰਤੂਸ ਅਤੇ ਇੱਕ ਸ਼ੈਵਰਲੇਟ ਆਪਟਰਾ ਕਾਰ ਵੀ ਬਰਾਮਦ ਕੀਤੀ ਹੈ। ਜਾਂਚ ਤੋਂ ਪਤਾ ਲੱਗਿਆ ਹੈ ਕਿ ਉਸ ਨੇ ਗ੍ਰਿਫ਼ਤਾਰੀ ਤੋਂ ਬੱਚਣ ਲਈ ਹੋਰ ਨਕਲੀ ਆਈਡੀ ਕਾਰਡ ਜਿਵੇਂ ਕਿ ਆਧਾਰ ਕਾਰਡ, ਨੋਇਡਾ (ਯੂ ਪੀ) ਤੋਂ ਡਰਾਈਵਿੰਗ ਲਾਇਸੈਂਸ ਵੀ ਤਿਆਰ ਕੀਤੇ ਸਨ। ਡੀਜੀਪੀ ਨੇ ਕਿਹਾ ਕਿ ਭਗੌੜਾ ਹੋਣ ਪਿੱਛੋਂ ਉਹ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵੱਖ-ਵੱਖ ਥਾਵਾਂ ‘ਤੇ ਲੁਕਿਆ ਰਿਹਾ।
ਤੇਜਾ ਪਹਿਲਾਂ ਵੀ ਕਤਲ, ਕਤਲ ਦੀ ਕੋਸ਼ਿਸ਼, ਕਾਰ ਖੋਹਣ, ਡਕੈਤੀ ਆਦਿ 25 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹੋਣ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਹੋਰ ਖੁਲਾਸਾ ਕੀਤਾ ਕਿ ਉਹ ਕੱਟੜਪੰਥੀ ਸੀ ਅਤੇ ਕੁਝ ਕੱਟੜ ਅੱਤਵਾਦੀਆਂ ਵੱਲੋਂ ਮਿਥ ਕੇ ਕਤਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਉਹ ਵੱਖ-ਵੱਖ ਜੇਲ੍ਹਾਂ ਵਿੱਚ ਬੰਦੀ ਦੌਰਾਨ ਆਇਆ ਸੀ। ਮੁੱਢਲੀ ਪੁੱਛਗਿੱਛ ਦੌਰਾਨ ਤੇਜਿੰਦਰ ਸਿੰਘ ਉਰਫ਼ ਤੇਜਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਅਤੇ ਉਸ ਦਾ ਨਜ਼ਦੀਕੀ ਸਾਥੀ ਰਛਪਾਲ ਸਿੰਘ ਉਰਫ਼ ਦੌਲਾ ਵਾਸੀ ਪਿੰਡ ਭੁੱਚਰ ਕਲਾਂ (ਜ਼ਿਲ੍ਹਾ ਤਰਨਤਾਰਨ) ਮੌੜ ਅਤੇ ਤਲਵੰਡੀ ਸਾਬੋ ਵਿੱਚ ਐਸਬੀਆਈ ਦੀਆਂ ਮੁੱਖ ਸ਼ਾਖਾਵਾਂ ਤੋਂ ਕਰੰਸੀ ਲੈਣ ਲਈ ਵਰਤੀ ਜਾਂਦੀ ਇੱਕ ਬੈਂਕ ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਇਸ ਬਾਰੇ ਰਸਤਾ ਵੀ ਚੈੱਕ ਕਰ ਲਿਆ ਸੀ ਅਤੇ ਹੋਰ ਜਾਂਚ ਵੀ ਕੀਤੀ ਸੀ। ਦਸੰਬਰ 2019 ਵਿਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਅਤੇ ਰਛਪਾਲ ਸਿੰਘ ਉਰਫ਼ ਦੌਲਾ, ਜੋ ਪਹਿਲਾਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਕਰਕੇ ਜੇਲ੍ਹ ਵਿਚ ਸਨ, ਨੇ ਸਰਹੱਦ ਪਾਰੋਂ ਅਤਿ ਆਧੁਨਿਕ ਹਥਿਆਰ ਪ੍ਰਾਪਤ ਕੀਤੇ। ਇਹ ਹੁਣ ਜ਼ਿਲ੍ਹਾ ਤਰਨਤਾਰਨ ਵਿੱਚ ਕਤਲ ਦੇ ਇਕ ਤਾਜ਼ਾ ਮਾਮਲੇ ਵਿੱਚ ਫ਼ਰਾਰ ਸੀ। ਡੀਜੀਪੀ ਨੇ ਕਿਹਾ ਕਿ ਉਹ ਆਟੋਮੈਟਿਕ ਹਥਿਆਰਾਂ/ਨਸ਼ਿਆਂ ਦੀ ਨਵੀਂ ਖੇਪ ਦੀ ਵੀ ਉਮੀਦ ਕਰ ਰਹੇ ਸਨ।