Fake liquor case: Police : ਰਾਜਪੁਰਾ ਵਿਚ ਫੜੀ ਗਈ ਨਕਲੀ ਸ਼ਰਾਬ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਕੋਠੀ ਘੇਰਨ ਜਾ ਰਹੇ ਆਮ ਆਦਮੀ ਪਾਰਟੀ ਦੇ 30 ਨੇਤਾਵਾਂ ਅਤੇ ਵਰਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਗੱਡੀਆਂ ਵਿਚ ਇਨ੍ਹਾਂ ਨੂੰ ਭੁਨਰਹੇੜੀ ਪੁਲਿਸ ਚੌਕੀ ਲਿਜਾਇਆ ਗਿਆ ਜਿਥੇ ਲਗਭਗ ਦੋ ਘੰਟੇ ਰਖਣ ਤੋਂ ਬਾਅਦ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਆਪ ਨੇਤਾਵਾਂ ਨੇ ਕਿਹਾ ਕਿ ਜਦੋਂ ਤਕ ਪੁਲਿਸ ਦੁਆਰਾ ਨਕਲੀ ਸ਼ਰਾਬ ਫੈਕਟਰੀ ਮਾਮਲੇ ਦੇ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰੇਗੀ ਉਦੋਂ ਤਕ ਅੰਦੋਲਨ ਜਾਰੀ ਰਹੇਗਾ। ਆਪ ਨੇਤਾਵਾਂ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀਆਂ ‘ਤੇ ਘਨੌਰ ਦੇ ਵਿਧਾਇਕ ਜਲਾਲਪੁਰ ਦੀ ਸ਼ਹਿ ‘ਤੇ ਕਾਰਵਾਈ ਨਹੀਂ ਹੋ ਰਹੀ ਹੈ। ਤੈਅ ਪ੍ਰੋਗਰਾਮ ਮੁਤਾਬਕ ਆਪ ਨੇਤਾਵਾਂ ਤੇ ਵਰਕਰਾਂ ਨੇ ਪਟਿਆਲਾ ਦੇ ਨੇੜੇ ਬਦਾਰੁਗੜ੍ਹ ਕਸਬੇ ਵਿਚ ਫਲਾਈਓਵਰ ਦੇ ਹੇਠਾਂ ਦੁਪਹਿਰ ਲਗਭਗ 12 ਵਜੇ ਧਰਨਾ ਸ਼ੁਰੂ ਕੀਤਾ। ਇਸ ਮੌਕੇ ‘ਤੇ ਆਪ ਨੇਤਾ ਨੀਨਾ ਮਿੱਤਲ, ਜਰਨੈਲ ਸਿੰਘ ਮੰਨੂ, ਕੁੰਦਨ ਗੋਗੀਆ ਨੇ ਕਿਹਾ ਕਿ ਜੇਕਰ ਵਿਧਾਇਕ ਮਦਨ ਲਾਲ ਜਲਾਲਪੁਰ ਸੱਚੇ ਹਨ ਤਾਂ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦਾ ਸਾਹਮਣਾ ਕਰਕੇ ਆਪ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।
ਪੁਲਿਸ ਨੇ ਨਕਲੀ ਸ਼ਰਾਬ ਫੈਕਟਰੀ ਵਿਚ ਹੁਣ ਤਕ ਕਾਰਵਾਈ ਦੇ ਨਾਂ ‘ਤੇ ਖਾਨਾਪੂਰਤੀ ਕੀਤੀ ਹੈ ਜਦੋਂ ਕਿ ਵੱਡੀਆਂ ਮੱਛੀਆਂ ਸਿਆਸੀ ਦਬਾਅ ਕਰਕੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਇਹ ਸਿਆਸੀ ਦਬਾਅ ਕਾਂਗਰਸੀ ਨੇਤਾ ਪਾ ਰਹੇ ਹਨ। ਆਪ ਨੇਤਾਵਾਂ ਨੇ ਨਕਲੀ ਸ਼ਰਾਬ ਮਾਮਲੇ ਸਬੰਧੀ ਜਾਂਚ ਦੀ ਮੰਗ ਕੀਤੀ ਹੈ। ਆਪ ਨੇਤਾ ਤੇ ਵਰਕਰਾਂ ਨੇ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਕੋਠੀ ਦਾ ਘੇਰਾਓ ਕਰਨ ਜਾ ਰਹੇ ਸਨ ਤਾਂ ਪੁਲਿਸ ਨੇ ਇਨ੍ਹਾਂ ਨੂੰ ਰੋਕਿਆ। ਅੰਦੋਲਨਕਾਰੀਆਂ ਦੇ ਅੜੇ ਰਹਿਣ ‘ਤੇ ਪੁਲਿਸ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਗੱਡੀਆਂ ਵਿਚ ਭੁਨਰਹੇੜੀ ਪੁਲਿਸ ਚੌਕੀ ਲੈ ਗਈ। ਗ੍ਰਿਫਤਾਰ ਆਪ ਨੇਤਾਵਾਂ ਵਿਚ ਜਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ, ਹਲਕਾ ਘਨੌਰ ਇੰਚਾਰਜ ਜਰਨੈਲ ਸਿੰਘ ਮਨੂੰ, ਨਾਭਾ ਹਲਕਾ ਇੰਚਾਰਜ ਦੇਵਮਾਨ, ਸਨੌਰ ਹਲਕਾ ਇੰਚਾਰਜ ਇੰਦਰਜੀਤ ਸੰਧੂ, ਆਪ ਦੇ ਵਪਾਰ ਵਿੰਗ ਦੇ ਪ੍ਰਦੇਸ਼ ਪ੍ਰਧਾਨ ਨੀਨਾ ਮਿੱਤਲ, ਵੂਮੈਨ ਵਿੰਗ ਜਿਲ੍ਹਾ ਪ੍ਰਧਾਨ ਵੀਰਪਾਲ ਕੌਰ, ਪਟਿਆਲਾ ਹਲਕਾ ਵਨ ਇੰਚਾਰਜ ਕੁੰਦਨ ਗੋਗੀਆ ਆਦਿ ਨੇਤਾ ਤੇ ਵਰਕਰ ਸ਼ਾਮਲ ਸਨ।