Pregnant elephant celebs reaction : ਬੀਤੇ ਦਿਨ੍ਹੀਂ ਕੇਰਲ ਦੇ ਮਲੱਪੁਰਮ ‘ਚ ਜਾਨਵਰਾਂ ਦੇ ਨਾਲ ਦੁਰਵਿਵਹਾਰ ਦਾ ਇੱਕ ਬਹੁਤ ਹੀ ਸ਼ਰਮਸ਼ਾਰ ਮਾਮਲਾ ਸਾਹਮਣੇ ਆਇਆ ਹੈ। ਕੇਰਲ ਵਿੱਚ ਪਟਾਖਿਆਂ ਨਾਲ ਭਰਿਆ ਅਨਾਨਾਸ ਖਾਣ ਨਾਲ ਇੱਕ ਗਰਭਵਤੀ ਹੱਥਣੀ ਦੀ ਮੌਤ ਹੋ ਗਈ ਅਤੇ ਇਸ ਘਟਨਾ ਨੇ ਹਰ ਕਿਸੇ ਨੂੰ ਕਾਫੀ ਦੁੱਖ ਪਹੁੰਚਾਇਆ। ਇਸ ਮਾਸੂਮ ਜਾਨਵਰ ਦੇ ਜਬਾੜੇ ਬੁਰੀ ਤਰਾਂ ਨਾਲ ਫਟ ਗਏ ਅਤੇ ਦੰਦ ਟੁੱਟ ਗਏ। ਜਿਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਜੰਗ ਲੜਦੀ-ਲੜਦੀ ਹੱਥਣੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।
ਇਸ ਬੇਜ਼ੁਬਾਨ ਜਾਨਵਰ ਦਾ ਕਸੂਰ ਸਿਰਫ਼ ਐਨਾ ਸੀ ਕਿ ਖਾਣਾ ਲੱਭਣ ਉਹ ਸ਼ਹਿਰ ਵੱਲ ਆ ਗਈ ਸੀ। ਇਸ ਖਬਰ ਨੇ ਮਨੋਰੰਜਨ ਜਗਤ ਦੇ ਸਾਰੇ ਸਿਤਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਸਿਤਾਰਿਆਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ। ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੇ ਟਵੀਟ ਕਰਕੇ ਕਿਹਾ, ‘ਕਿਵੇਂ ? ਇਸ ਤਰ੍ਹਾਂ ਦਾ ਕੁਝ ਕਿਵੇਂ ਹੋ ਸਕਦਾ ਹੈ ? ਕੀ ਲੋਕਾਂ ਦੇ ਸੀਨੇ ਵਿੱਚ ਦਿਲ ਨਹੀਂ ਹੈ ? ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਚੁੱਕਿਆ ਹੈ।
ਜਿਹੜੇ ਲੋਕਾਂ ਨੇ ਇਹ ਕੀਤਾ ਹੈ ਉਨ੍ਹਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬੀ ਕਲਾਕਾਰ ਐਮੀ ਵਿਰਕ, ਦਿਲਜੀਤ ਦੋਸਾਂਝ, ਨੀਰੂ ਬਾਜਵਾ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਪਾ ਕੇ ਗਰਭਵਤੀ ਹੱਥਣੀ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਖੇਡ ਜਗਤ ਵੀ ਹੱਥਣੀ ਦੀ ਦਰਦਨਾਕ ਮੌਤ ਨਾਲ ਆਹਤ ਹੈ ਅਤੇ ਵਿਰਾਟ ਕੋਹਲੀ ਤੋਂ ਲੈ ਕੇ ਸੁਨੀਲ ਛੇਤਰੀ ਤੱਕ ਸਭ ਨੇ ਇਸ ਘਟਨਾ ਨੂੰ ਲੈ ਕੇ ਦੁੱਖ ਜਤਾਇਆ ਹੈ। ਕਪਤਾਨ ਵਿਰਾਟ ਕੋਹਲੀ ਨੇ ਆਪਣੀ ਸੰਵੇਦਨਾਵਾਂ ਜ਼ਾਹਿਰ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਲਿਖਿਆ – ਜੋ ਕੇਰਲ ਵਿੱਚ ਹੋਇਆ ਮੈਂ ਉਹ ਜਾਣ ਕੇ ਬਹੁਤ ਹੀ ਜ਼ਿਆਦਾ ਦੁਖੀ ਹਾਂ।
ਜਾਨਵਰਾਂ ਦੇ ਨਾਲ ਪਿਆਰ ਨਾਲ ਵਰਤਾਅ ਕਰੀਏ ਅਤੇ ਇਸ ਤਰ੍ਹਾਂ ਕਾਇਰਨਾ ਵਰਤਾਓ ਬੰਦ ਕਰੋ। ਉੱਥੇ ਹੀ ਇਸ ਘਟਨਾ ਨੂੰ ਲੈ ਕੇ ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਲਿਖਿਆ – ਇਹ ਜਾਣ ਕੇ ਬਹੁਤ ਹੀ ਜ਼ਿਆਦਾ ਦੁੱਖ ਹੋਇਆ। ਇਸ ਤੋਂ ਇਲਾਵਾ ਫੁਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਲਿਖਿਆ – ਇੱਕ ਗਰਭਵਤੀ ਹੱਥਣੀ, ਉਸ ਤੋਂ ਕਿਸੇ ਨੂੰ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਸੀ, ਜਿਸ ਨੇ ਵੀ ਇਸ ਨੂੰ ਕੀਤਾ ਹੈ ਉਹ ਉਸ ਨੂੰ ਦਾਨਵ ਬਣਾਉਂਦਾ ਹੈ ਅਤੇ ਉਂਮੀਦ ਕਰਦਾ ਹਾਂ ਕਿ ਉਸ ਨੂੰ ਇਸਤੋਂ ਜ਼ਿਆਦਾ ਵੱਡੀ ਕੀਮਤ ਚੁਕਾਉਣੀ ਪਏ। ਅਸੀ ਵਾਰ – ਵਾਰ ਕੁਦਰਤ ਨੂੰ ਹੇਠਾਂ ਡਿੱਗਾ ਰਹੇ ਹਾਂ।