Registration in Meritorious Schools : ਪੰਜਾਬ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਵਿੱਚ ਸੈਸ਼ਨ-2020-21 ਲਈ 11ਵੀਂ ਜਮਾਤ ਵਿੱਚ ਦਾਖ਼ਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਸਮੇਂ ਵਿੱਚ ਫਿਰ ਤੋਂ ਵਾਧਾ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਕੋਵਿਡ-19 ਤੋਂ ਸੁਰੱਖਿਆ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਹਿੱਤ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਸੰਗਰੂਰ ਅਤੇ ਤਲਵਾੜਾ (ਹੁਸ਼ਿਆਰਪੁਰ) ਵਿਖੇ ਸਥਿਤ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਲਈ ਦਾਖ਼ਲਾ ਪ੍ਰੀਖਿਆ ਦੀ ਰਜਿਸਟ੍ਰੇਸ਼ਨ 5 ਜੂਨ,2020 ਸਵੇਰੇ 9.00 ਵਜੇ ਤੋਂ 15 ਜੂਨ,2020 ਸ਼ਾਮ 5.00 ਵਜੇ ਤੱਕ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਤਲਵਾੜਾ ਵਿਖੇ ਮੈਰੀਟੋਰੀਅਸ ਸਕੂਲ ਵਿੱਚ 9ਵੀਂ ਜਮਾਤ ਵਿੱਚ ਵੀ ਦਾਖ਼ਲੇ ਕੀਤੇ ਜਾਂਦੇ ਹਨ। ਇਸ ਸਬੰਧੀ ਵੀ ਵਿਦਿਆਰਥੀ 5 ਜੂਨ ਸਵੇਰੇ 9.00 ਵਜੇ ਤੋਂ 15 ਜੂਨ, 2020 ਦੇ ਸ਼ਾਮ 5.00 ਵਜੇ ਤੱਕ ਆਪਣੀ ਦਾਖ਼ਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਜਾਣਕਾਰੀ ਮੁਤਾਬਕਗਿਆਰ੍ਹਵੀਂ ਜਮਾਤ ਵਿੱਚ ਦਾਖ਼ਲਾ ਪ੍ਰੀਖਿਆ ਦੀ ਰਜਿਸਟ੍ਰੇਸ਼ਨ ਲਈ ਯੋਗਤਾ ਵਿੱਚ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੁੱਝ ਤਬਦੀਲੀ ਕੀਤੀ ਹੈ। ਪਹਿਲੇ ਮਾਪਦੰਡਾਂ ਅਨੁਸਾਰ ਜਨਰਲ ਕੈਟਾਗਿਰੀ ਵਿੱਚ ਦਸਵੀਂ ਜਮਾਤ ਵਿੱਚੋਂ 70 ਫ਼ੀਸਦੀ ਅਤੇ ਰਿਜ਼ਰਵ ਕੈਟਾਗਿਰੀ ਲਈ 65 ਫ਼ੀਸਦੀ ਅੰਕਾਂ ਦੀ ਜ਼ਰੂਤ ਸੀ। ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਦਸਵੀਂ ਜਮਾਤ ਵਿੱਚੋਂ ਗ੍ਰੇਡ ਬੀ+ ਅਤੇ ਇਸ ਤੋਂ ਵੱਧ ਗ੍ਰੇਡ ਪ੍ਰਾਪਤ ਕਰਨ ਵਾਲੇ ਅਤੇ ਰਿਜ਼ਰਵ ਕੈਟਾਗਿਰੀ ਵਿੱਚ ਗ੍ਰੇਡ ਬੀ ਅਤੇ ਇਸ ਤੋਂ ਵੱਧ ਗ੍ਰੇਡ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਪਲਾਈ ਕਰਨ ਦੇ ਯੋਗ ਹੋਣਗੇ।
ਵਿਭਾਗ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਜਿਹੜੇ ਵਿਦਿਆਰਥੀਆਂ ਨੇ ਦਾਖ਼ਲੇ ਲਈ ਪਹਿਲਾਂ ਹੀ ਅਪਲਾਈ ਕਰ ਦਿੱਤਾ ਹੈ ਅਤੇ ਹੁਣ ਉਹ ਦਾਖ਼ਲੇ ਸਬੰਧੀ ਸਾਰੀਆਂ ਮੌਜੂਦਾ ਸ਼ਰਤਾਂ ਪੂਰੀਆਂ ਕਰਦੇ ਹਨ, ਨੂੰ ਮੁੜ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਇਸੇ ਪ੍ਰਕਾਰ ਨਵੇਂ ਮਾਪਦੰਡਾਂ ਅਨੁਸਾਰ ਸੀ.ਬੀ.ਐੱਸ.ਈ. ਬੋਰਡ ਦੇ ਵਿਦਿਆਰਥੀਆਂ ਲਈ ਜਨਰਲ ਕੈਟਾਗਿਰੀ ਵਿੱਚ ਗ੍ਰੇਡ ਬੀ 1 ਅਤੇ ਇਸ ਤੋਂ ਵੱਧ ਗ੍ਰੇਡ ਪ੍ਰਾਪਤ ਕਰਨ ਵਾਲੇ ਅਤੇ ਰਿਜ਼ਰਵ ਕੈਟਾਗਿਰੀ ਲਈ ਗ੍ਰੇਡ ਬੀ 2 ਅਤੇ ਇਸ ਤੋਂ ਵੱਧ ਗ੍ਰੇਡ ਨਾਲ ਦਸਵੀਂ ਪਾਸ ਵਿਦਿਆਰਥੀ ਦਾਖ਼ਲੇ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਇਸੇ ਪ੍ਰਕਾਰ ਨੌਵੀਂ ਜਮਾਤ ਵਿੱਚ ਦਾਖ਼ਲਾ ਪ੍ਰੀਖਿਆ ਦੀ ਰਜਿਸਟ੍ਰੇਸ਼ਨ ਲਈ ਅੱਠਵੀਂ ਜਮਾਤ ਵਿੱਚੋਂ ਪ੍ਰਾਪਤ ਅੰਕਾਂ (ਗ੍ਰੇਡ) ਦੀ ਸ਼ਰਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਉਪਰੋਕਤ ਨਵੇਂ ਮਾਪਦੰਡਾਂ ਵਾਲੀ ਹੀ ਹੋਵੇਗੀ।