Death occurred in Tarntaran : ਤਰਨਤਾਰਨ ਨੇੜੇ ਪੱਟੀ ਵਿਖੇ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਉਕਤ ਵਿਅਕਤੀ ਦੀ ਪਛਾਣ 45 ਸਾਲ ਪੁੱਤਰ ਦਾਰਾ ਸਿੰਘ ਨਿਵਾਸੀ ਵਾਰਡ ਨੰਬਰ 15 ਪੱਟੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਕਾਫੀ ਦਿਨਾਂ ਤੋਂ ਬੀਮਾਰ ਸੀ ਅਤੇ ਅੰਮ੍ਰਿਤਸਰ ਵਿਖੇ ਉਸ ਦਾ ਇਲਾਜ ਚੱਲ ਰਿਹਾ ਸੀ। ਕਲ ਰਾਤ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਤਰਨਤਾਰਨ ਵਿਖੇ ਕੋਰੋਨਾ ਨਾਲ ਹੋਣ ਵਾਲੀ ਇਹ ਪਹਿਲੀ ਮੌਤ ਹੈ।
ਪੰਜਾਬ ਵਿਚ ਕੋਰੋਨਾ ਦੇ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸੂਬੇ ਵਿਚ ਵੀਰਵਾਰ ਨੂੰ ਸਿਰਫ ਫਿਰੋਜ਼ਪੁਰ ਅਤੇ ਮਾਨਸਾ ਜਿਲ੍ਹੇ ਹੀ ਕੋਰੋਨਾ ਮੁਕਤ ਰਹਿ ਗਏ ਹਨ। ਬਾਕੀ ਸਾਰੇ ਜਿਲ੍ਹਿਆਂ ਨੂੰ ਕੋਰੋਨਾ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। 24 ਘੰਟਿਆਂ ਵਿਚ ਵੱਖ-ਵੱਖ ਜਿਲ੍ਹਿਆਂ ਤੋਂ 55 ਨਵੇਂ ਕੋਰੋਨਾ ਪਾਜੀਟਿਵ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2431 ਹੋ ਗਈ ਹੈ। ਵੀਰਵਾਰ ਨੂੰ ਹੀ 14 ਮਰੀਜ਼ਾਂ ਦੇ ਠੀਕ ਹੋਣ ਦੀ ਖਬਰ ਵੀ ਆਈ ਜਿਸ ਦੇ ਨਾਲ ਮਹਾਮਾਰੀ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ 2043 ਹੋ ਗਈ ਹੈ।
ਸਿਹਤ ਵਿਭਾਗ ਅਨੁਸਾਰ ਜਿਨ੍ਹਾਂ 55 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਉਨ੍ਹਾਂ ਵਿਚ ਅੰਮ੍ਰਿਤਸਰ ‘ਚ 15 ਮਰੀਜ਼ਾਂ ‘ਚੋਂ 7 ਨਵੇਂ ਮਾਮਲੇ ਹਨ। ਫਾਜ਼ਿਲਕਾ ਤੇ ਮੁਕਤਸਰ ‘ਚ 1-1 ਵਿਅਕਤੀ ਪਾਜੀਟਿਵ ਪਾਇਆ ਗਿਆ ਹੈ। ਲੁਧਿਆਣਾ ਵਿਚ ਪਾਜੀਟਿਵ ਪਾਏ ਗਏ 22 ਵਿਚੋਂ 6 ਲੋਕ ਪਹਿਲਾਂ ਤੋਂ ਪੀੜਤ ਮਰੀਜ਼ਾਂ ਦੇ ਸੰਪਰਕ ਵਿਚ ਹਨ। ਬਠਿੰਡਾ ਵਿਚ ਮੁੰਬਈ ਤੋਂ ਪਰਤ 3 ਲੋਕ ਪਾਜੀਟਿਵ ਪਾਏ ਗਏ ਹਨ। ਇਸ ਤਰ੍ਹਾਂ ਵੱਖ-ਵੱਖ ਸੂਬਿਆਂ ਪੰਜਾਬ ਵਿਚ ਪਰਤਣ ਵਾਲੇ ਲੋਕਾਂ ਨਾਲ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜੋ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹੈ।