Husband and wife report : ਕੋਰੋਨਾ ਨੇ ਪੂਰੇ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਇਸ ਨਾਲ ਪੀੜਤਾਂ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਅੱਜ ਮਾਨਸਾ ਵਿਖੇ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ ਵਿਖੇ ਦੋ ਵਿਅਕਤੀਆਂ ਦੇ ਕੋਰੋਨਾ ਪਾਜੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਦੋਵੇਂ ਪਤੀ-ਪਤਨੀ ਹਨ। ਕੁਝ ਦੇਰ ਹੀ ਕੋਰੋਨਾ ਮੁਕਤ ਰਹਿਣ ਤੋਂ ਬਾਅਦ ਦੁਬਾਰਾ ਤੋਂ ਮਾਨਸਾ ਵਿਚ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਦੋਵਾਂ ਕੋਰੋਨਾ ਪਾਜੀਟਿਵ ਦਾ ਇਲਾਜ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਝੰਡਾ ਕਲਾਂ ਵਿਚ ਪਤੀ ਪਤਨੀ ਪ੍ਰੀਤਮ ਸਿੰਘ (29) ਅਤੇ ਪਤਨੀ ਮੀਨਾਕਸ਼ੀ (27) ਹਨ। ਉਹ ਕੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਵਾਪਸ ਪਰਤੇ ਸਨ ਤੇ 1 ਜੂਨ ਨੂੰ ਹੀ ਪਿੰਡ ਵਿਚ ਵਾਪਸ ਆਏ ਸਨ ਤੇ ਉਨ੍ਹਾਂ ਨੂੰ ਘਰ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਸੀ। ਸੈਂਪਲ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਦੀ ਰਿਪੋਰਟ ਅੱਜ ਆਉਣ ‘ਤੇ ਉਹ ਦੋਵੇਂ ਪਤੀ-ਪਤਨੀ ਕੋਰੋਨਾ ਪਾਜੀਟਿਵ ਪਾਏ ਗਏ। ਹੁਣ ਤਕ 3417 ਵਿਅਕਤੀਆਂ ਦੇ ਸੈਂਪਲ ਲੈ ਲਏ ਗਏ ਹਨ ਜਿਨ੍ਹਾਂ ਵਿਚੋਂ 35 ਵਿਅਕਤੀਆਂ ਦੀ ਰਿਪੋਰਟ ਪਾਜੀਟਿਵ ਆਈ ਹੈ ਤੇ 33 ਦੀ ਨੈਗੇਟਿਵ ਆਈ ਹੈ। ਸਿਵਲ ਹਸਪਤਾਲ ਮਾਨਸਾ ਵਿਖੇ ਹੁਣ ਸਿਰਫ ਦੋ ਹੀ ਐਕਟਿਵ ਕੇਸ ਹਨ। ਅਜੇ ਕੁਝ ਦਿਨ ਪਹਿਲਾਂ ਹੀ ਜਿਲ੍ਹਾ ਮਾਨਸਾ ਕੋਰੋਨਾ ਮੁਕਤ ਹੋਇਆ ਸੀ। ਇਹ ਜਾਣਕਾਰੀ ਡਾ. ਰਾਏ ਨੇ ਦਿੱਤੀ।
ਸਿਹਤ ਵਿਭਾਗ ਦੀ ਟੀਮ ਵਲੋਂ ਇੰਫੈਕਟਿਡ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਲਈ ਡਾਕਟਰਾਂ ਦੀ ਟੀਮ ਵਲੋਂ ਸੈਂਪਲਿੰਗ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਟੈਸਟਿੰਗ ਕੀਤੀ ਜਾ ਰਹੀ ਹੈ। ਟੀਮ ਵਲੋਂ ਆਸ਼ਾ ਵਰਕਰਾਂ, ਗਰਭਵਤੀ ਔਰਤਾੰ, ਹੇਅਰ ਕਟਿੰਗ ਵਾਲੇ, ਦੋਧੀ, ਦੁਕਾਨਦਾਰ ਤੇ ਸਬਜ਼ੀ ਵਿਕ੍ਰੇਤਾਵਾਂ ਸਮੇਤ 310 ਦੇ ਲਗਭਗ ਨਮੂਨੇ ਟੈਸਟ ਲਈ ਭੇਜੇ ਜਾ ਚੁੱਕੇ ਹਨ। ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਜੁਟੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ, ਸਿਹਤ ਕਰਮਚਾਰੀਆਂ ਤੇ ਸਫਾਈ ਸੇਵਕਾਂ ਦੇ ਵੀ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ।