Labour Ministry 11 employees: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ । ਬੀਤੇ ਕੁਝ ਦਿਨਾਂ ਤੋਂ ਦੇਸ਼ ਵਿੱਚ ਰੋਜ਼ਾਨਾ ਕਰੀਬ 10 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਉੱਥੇ ਹੀ ਸੋਮਵਾਰ ਨੂੰ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕਿਰਤ ਸ਼ਕਤੀ ਭਵਨ ਵਿੱਚ ਸਥਿਤ ਮੰਤਰਾਲੇ ਵਿੱਚ 11 ਅਧਿਕਾਰੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ । ਮੰਤਰਾਲੇ ਦੇ ਸੂਤਰ ਨੇ ਦੱਸਿਆ ਕਿ ਪਿਛਲੇ ਹਫਤੇ ਦੋ ਕਰਮਚਾਰੀ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ 4 ਅਤੇ 5 ਜੂਨ ਨੂੰ ਕਿਰਤ ਸ਼ਕਤੀ ਭਵਨ ਨੂੰ ਰੋਗਾਣੂ-ਮੁਕਤ ਕਰਨ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਸਟਾਫ ਦੇ ਹੋਰ ਮੈਂਬਰਾਂ ਦੀ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ ਸੀ ।
ਉਨ੍ਹਾਂ ਦੱਸਿਆ ਕਿ ਮੰਤਰਾਲੇ ਦਾ ਸੰਯੁਕਤ ਸੈਕਟਰੀ, ਸਟੈਨੋਗ੍ਰਾਫਰ, ਪ੍ਰਧਾਨ ਪ੍ਰਾਈਵੇਟ ਸੈਕਟਰੀ, ਇੱਕ ਪ੍ਰਾਈਵੇਟ ਸੈਕਟਰੀ, ਛੇ ਮਲਟੀਟਾਸਕ ਸਹਾਇਕ ਅਤੇ ਇੱਕ ਡਰਾਈਵਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਸੂਤਰ ਨੇ ਇਹ ਵੀ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਲੇਬਰ ਸੈਕਟਰੀ ਅਤੇ ਵਧੀਕ ਸਕੱਤਰ ਨੈਗੇਟਿਵ ਪਾਏ ਗਏ ਸਨ ।
ਦੱਸਿਆ ਜਾ ਰਿਹਾ ਹੈ ਕਿ ਭਵਨ ਵਿੱਚ ਊਰਜਾ ਅਤੇ ਜਲ ਊਰਜਾ ਮੰਤਰਾਲੇ ਦੇ ਦਫਤਰ ਵੀ ਹਨ । ਇਨ੍ਹਾਂ ਨੂੰ ਸੇਨੇਟਾਈਜ ਕੀਤੇ ਜਾਣ ਦੇ ਚੱਲਦਿਆਂ ਬੁੱਧਵਾਰ ਸ਼ਾਮ ਨੂੰ ਅਗਲੇ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਸੀ । ਇਮਾਰਤ ਵਿੱਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਨੂੰ ਅਗਲੇ ਦੋ ਦਿਨਾਂ ਲਈ ਘਰੋਂ ਕੰਮ ਕਰਨ ਲਈ ਕਿਹਾ ਗਿਆ ਸੀ ।
ਦੱਸ ਕਿ ਦਿੱਲੀ ਵਿੱਚ ਹੁਣ ਤੱਕ ਕਈ ਕੇਂਦਰੀ ਮੰਤਰਾਲਿਆਂ ਦੇ ਅਧਿਕਾਰੀ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆ ਗਏ ਹਨ। ਫਿਰ ਭਾਵੇਂ ਉਹ ਸਿਹਤ ਮੰਤਰਾਲਾ ਹੋਵੇ, ਰੱਖਿਆ ਮੰਤਰਾਲਾ ਜਾਂ ਕਿਰਤ ਮੰਤਰਾਲਾ ਹੀ ਕਿਉਂ ਨਾ ਹੋਵੇ । ਹਾਲ ਹੀ ਵਿੱਚ ਦਿੱਲੀ ਮੈਟਰੋ, ਦਿੱਲੀ ਦੇ ਉਪ ਰਾਜਪਾਲ ਦੇ ਦਫ਼ਤਰ ਦੇ ਕੁਝ ਅਫ਼ਸਰ ਵੀ ਵਾਇਰਸ ਦੀ ਲਪੇਟ ਵਿੱਚ ਆਏ ਸਨ ।