ਸਲੋਕ ਮਃ 3 ॥
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥ ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ॥ ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥ ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ॥1॥ਮਹਲਾ 1 ॥ ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥2॥ ਪਉੜੀ ॥ ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ ਜਿਨਿ ਸੇਵਿਆ ਤਿਨ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥ ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥10॥
ਪੰਜਾਬੀ ਵਿਆਖਿਆ
ਸਲੋਕ ਮਃ 3 ॥ ਮਨੁੱਖ ਸਤਿਗੁਰੂ ਦੀ ਸੇਵਾ ਤੋਂ ਖੁੰਝ ਕੇ ਅਹੰਕਾਰ ਦੇ ਆਸਰੇ ਕਰਮ ਕਰਦੇ ਹਨ, ਪਰ ਉਹ ਕਰਮ ਉਹਨਾਂ ਦੇ ਆਤਮਾ ਲਈ ਬੰਧਨ ਹੋ ਜਾਂਦੇ ਹਨ, ਸਤਿਗੁਰੂ ਦੀ ਦੱਸੀ ਕਾਰ ਨਾ ਕਰਨ ਕਰ ਕੇ ਉਹਨਾਂ ਨੂੰ ਕਿਤੇ ਥਾਂ ਨਹੀਂ ਮਿਲਦੀ, ਉਹ ਮਰਦੇ ਹਨ ਫੇਰ ਜੰਮਦੇ ਹਨ, ਸੰਸਾਰ ਵਿੱਚ ਆਉਂਦੇ ਹਨ, ਫੇਰ ਜਾਂਦੇ ਹਨ; ਸਤਿਗੁਰੂ ਦੀ ਦੱਸੀ ਸੇਵਾ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਬੋਲ ਭੀ ਫਿੱਕੇ ਹੁੰਦੇ ਹਨ ਤੇ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਨਹੀਂ। ਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਕਾਲੇ ਮੂੰਹ ਸੰਸਾਰ ਤੋਂ ਤੁਰ ਜਾਂਦੇ ਹਨ ਤੇ ਜਮਪੁਰੀ ਵਿੱਚ ਬੱਧੇ ਹੋਏ ਮਾਰ ਖਾਂਦੇ ਹਨ, ਭਾਵ, ਇਸ ਲੋਕ ਵਿਚ ਮੁਕਾਲਖ ਖੱਟਦੇ ਹਨ ਤੇ ਅਗਾਂਹ ਭੀ ਦੁਖੀ ਹੁੰਦੇ ਹਨ॥1। ਮਹਲਾ 1॥ ਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ ਜਿਸ ਕਰਕੇ ਪਿਆਰਾ ਪ੍ਰਭੂ ਮੈਨੂੰ ਵਿਸਰ ਜਾਏ, ਹੇ ਨਾਨਕ! ਪ੍ਰੇਮ ਉਹੋ ਹੀ ਚੰਗਾ ਹੈ ਜਿਸ ਦੀ ਰਾਹੀਂ ਖਸਮ ਨਾਲ ਇੱਜ਼ਤ ਬਣੀ ਰਹੇ॥2॥ ਪਉੜੀ॥ ਇਕੋ ਦਾਤਾਰ ਕਰਤਾਰ ਦੀ ਸੇਵਾ ਕਰਨੀ ਚਾਹੀਦੀ ਹੈ, ਇਕੋ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ; ਇਕੋ ਹਰੀ ਦਾਤਾਰ ਕੋਲੋਂ ਹੀ ਦਾਨ ਮੰਗਣਾ ਚਾਹੀਦਾ ਹੈ, ਜਿਸ ਪਾਸੋਂ ਮਨ-ਮੰਗੀ ਮੁਰਾਦ ਮਿਲ ਜਾਏ; ਜੇ ਕਿਸੇ ਹੋਰ ਕੋਲੋਂ ਮੰਗੀਏ ਤਾਂ ਸ਼ਰਮ ਨਾਲ ਮਰ ਜਾਈਏ ਭਾਵ, ਕਿਸੇ ਹੋਰ ਪਾਸੋਂ ਮੰਗਣ ਨਾਲੋਂ ਸ਼ਰਮ ਨਾਲ ਮਰ ਜਾਣਾ ਚੰਗਾ ਹੈ। ਜਿਸ ਭੀ ਮਨੁੱਖ ਨੇ ਹਰੀ ਨੂੰ ਸੇਵਿਆ ਹੈ ਉਸੇ ਨੇ ਫਲ ਪਾ ਲਿਆ ਹੈ, ਉਸ ਮਨੁੱਖ ਦੀ ਸਾਰੀ ਤ੍ਰਿਸ਼ਨਾ ਦੂਰ ਹੋ ਗਈ ਹੈ। ਨਾਨਕ ਸਦਕੇ ਹੈ ਉਹਨਾਂ ਮਨੁੱਖਾਂ ਤੋਂ, ਜੋ ਹਰ ਵੇਲੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਸਿਮਰਦੇ ਹਨ।10।