Delhi has just 52 days: ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਮਾਮਲਿਆਂ ਨਾਲ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਸਿਰਫ 1.5 ਮਹੀਨਿਆਂ ਵਿੱਚ 60,000 ਕੋਵਿਡ-19 ਬੈੱਡਾਂ ਦਾ ਪ੍ਰਬੰਧ ਕਰਨ ਲਈ ਸੰਘਰਸ਼ ਕਰ ਰਹੀ ਹੈ । ਇਸ ਸਮੇਂ ਦਿੱਲੀ ਵਿੱਚ 31 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ।
ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦਾ ਅਨੁਮਾਨ ਹੈ ਕਿ 31 ਜੁਲਾਈ ਤੱਕ ਦਿੱਲੀ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 5.5 ਲੱਖ ਹੋ ਜਾਵੇਗੀ । ਉਨ੍ਹਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਸਰਕਾਰ ਨੂੰ ਇਨ੍ਹਾਂ ਔਖੇ ਹਾਲਾਤਾਂ ਨੂੰ ਸੰਭਾਲਣ ਲਈ 80,000 ਬੈੱਡਾਂ ਦੀ ਲੋੜ ਪਵੇਗੀ । ਉਨ੍ਹਾਂ ਦਾ ਇਹ ਬਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਤੋਂ 2 ਦਿਨ ਬਾਅਦ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਦਿੱਲੀ ਵਿੱਚ 20,000 ਬੈੱਡ ਉਪਲਬਧ ਹਨ ।
ਦਰਅਸਲ, ਸੀਐਮ ਕੇਜਰੀਵਾਲ ਨੇ ਕਿਹਾ ਸੀ ਕਿ ਇਨ੍ਹਾਂ ਵਿੱਚੋਂ 10,000 ਬੈੱਡ ਦਿੱਲੀ ਸਰਕਾਰ ਵੱਲੋਂ ਚਲਾਏ ਜਾ ਰਹੇ ਹਸਪਤਾਲਾਂ ਵਿੱਚ ਹਨ, ਜਦੋਂ ਕਿ ਇੰਨੇ ਹੀ ਬੈੱਡ ਦਿੱਲੀ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਹਸਪਤਾਲਾਂ ਵਿੱਚ ਉਪਲਬਧ ਹਨ । ਇਸ ਦਾ ਅਰਥ ਹੈ ਸਿਰਫ 52 ਦਿਨਾਂ ਦੇ ਅੰਦਰ-ਅੰਦਰ ਦਿੱਲੀ ਸਰਕਾਰ ਨੂੰ ਸ਼ਹਿਰ ਵਿੱਚ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਦੇ ਯੋਗ ਹੋਣ ਲਈ ਘੱਟੋ-ਘੱਟ 60,000 ਬੈੱਡਾਂ ਦਾ ਪ੍ਰਬੰਧ ਕਰਨਾ ਪਵੇਗਾ ।
ਇਸ ਦੌਰਾਨ ਦਿੱਲੀ ਸਰਕਾਰ ਦੇ ਅਨੁਮਾਨ ਅਨੁਸਾਰ 15 ਜੂਨ ਤੱਕ ਸ਼ਹਿਰ ਵਿੱਚ 44,000 ਕੇਸ ਹੋਣ ਦੀ ਆਸ਼ੰਕਾ ਹੈ ਅਤੇ ਇਸ ਦੇ ਇਲਾਜ ਲਈ 6,600 ਬੈੱਡਾਂ ਦੀ ਜਰੂਰਤ ਹੈ । 30 ਜੂਨ ਤੱਕ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਮਾਮਲੇ 1 ਲੱਖ ਤੱਕ ਪਹੁੰਚ ਜਾਣਗੇ ਅਤੇ ਸ਼ਹਿਰ ਨੂੰ 15,000 ਬੈੱਡਾਂ ਦੀ ਜ਼ਰੂਰਤ ਹੋਵੇਗੀ । ਇਸੇ ਤਰ੍ਹਾਂ 15 ਜੁਲਾਈ ਤੱਕ ਕੋਰੋਨਾ ਕੇਸਾਂ ਦੀ ਗਿਣਤੀ 2.25 ਲੱਖ ਤੱਕ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ, ਜਿਸ ਵਿੱਚ 33,000 ਬੈੱਡ ਲਾਜ਼ਮੀ ਹੋਣਗੇ ਅਤੇ 31 ਜੁਲਾਈ ਤੱਕ ਦਿੱਲੀ ਵਿੱਚ 5.5 ਲੱਖ ਕੇਸ ਹੋਣ ਦਾ ਅਨੁਮਾਨ ਹੈ । ਸਰਕਾਰ ਦਾ ਕਹਿਣਾ ਹੈ ਕਿ ਇਸ ਸੰਕਟਮਈ ਸਥਿਤੀ ਨਾਲ ਨਜਿੱਠਣ ਲਈ 80,000 ਬੈੱਡਾਂ ਦੀ ਜਰੂਰਤ ਹੋਵੇਗੀ ।