Smartphones will be madeਸੂਬੇ ਵਿਚ ਲੌਕਡਾਊਨ ਕਾਰਨ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਸਕੂਲਾਂ ਵਲੋਂ ਕਰਵਾਈ ਜਾ ਰਹੀ ਹੈ। ਆਨਲਾਈਨ ਪੜ੍ਹਾਈ ਵਾਸਤੇ ਸਮਾਰਟ ਫੋਨ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਕੁਝ ਗਰੀਬ ਵਿਦਿਆਰਥੀਆਂ ਵਲੋਂ ਆਨਲਾਈਨ ਪੜ੍ਹਾਈ ਦਾ ਫਾਇਦਾ ਨਹੀਂ ਚੁੱਕਿਆ ਜਾ ਰਿਹਾ ਕਿਉਂਕਿ ਉਨ੍ਹਾਂ ਕੋਲ ਸਮਾਰਟਫੋਨ ਦੀ ਸਹੂਲਤ ਨਹੀਂ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਨੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਮਾਰਟਫੋਨ ਉਪਲਬਧ ਕਰਵਾਉਣ ਲਈ ਸਿੱਖਿਆ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਕੁਝ ਦਿਨ ਪਹਿਲਾਂ ਮਾਨਸਾ ਵਿਖੇ 11ਵੀਂ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਮਿਲੀ ਜਾਣਕਾਰੀ ਮੁਤਾਬਕ ਰਮਨਦੀਪ ਕੌਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਗਰੀਬ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਉਸ ਦੇ ਪਿਤਾ ਉਸ ਨੂੰ ਮੋਬਾਈਲ ਨਹੀਂ ਦੇ ਸਕੇ ਜਿਸ ਕਾਰਨ ਉਸ ਦੀ ਪੜ੍ਹਾਈ ਨਹੀਂ ਹੋ ਸਕੀ। ਰਮਨਦੀਪ ਕੌਰ ਦੇ ਪਿਤਾ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲਦੇ ਹਨ। ਪਿਤਾ ਵਲੋਂ ਫੋਨ ਦੇਣ ਵਿਚ ਅਸਮਰਥ ਹੋਣ ‘ਤੇ ਰਮਨਦੀਪ ਕੌਰ ਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਬਾਅਦ ਪੰਜਾਬ ਸਰਕਾਰ ਦੀ ਨੀਂਦ ਖੁੱਲ੍ਹ ਗਈ ਹੈ। ਸੂਬਾ ਸਰਕਾਰ ਵਲੋਂ ਸਿੱਖਿਆ ਮਹਿਕਮੇ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਸਕੂਲਾਂ ਵਿਚ ਉਨ੍ਹਾਂ ਵਿਦਿਆਰਥੀਆਂ ਦਾ ਪਤਾ ਲਗਾਵੇ ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ ਅਤੇ ਫੋਨ ਕਾਰਨ ਉਨ੍ਹਾਂ ਦੀ ਪੜ੍ਹਾਈ ਪਿੱਛੇ ਜਾ ਰਹੀ ਹੈ।
ਮੁੱਖ ਮੰਤਰੀ ਦੇ ਨਿਰਦੇਸ਼ ਤੋਂ ਬਾਅਦ ਸਾਰੇ ਸਕੂਲਾਂ ਵਲੋਂ ਉਨ੍ਹਾਂ ਵਿਦਿਆਰਥੀਆਂ ਦੀ ਲਿਸਟ ਬਣਾਈ ਜਾ ਰਹੀ ਹੈ ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ ਤਾਂ ਜੋ ਉਨ੍ਹਾਂ ਨੂੰ ਸਮਾਰਟਫੋਨ ਉਪਲਬਧ ਕਰਵਾ ਕੇ ਉਨ੍ਹਾਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।