mission fateh gives rahan to 1 lakh: ਜਲੰਧਰ 12 ਜੂਨ 2020: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਗ਼ਰੀਬ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵੱਡੀ ਪਹਿਲ ਕਦਮੀ ਕਰਦਿਆਂ ਇਹ ਫ਼ੈਸਲਾ ਲਿਆ ਗਿਆ ਹੈ ਕਿ ‘ਮਿਸ਼ਨ ਫ਼ਤਿਹ’ ਦੇ ਹਿੱਸੇ ਵਜੋਂ ‘ਆਤਮ ਨਿਰਭਰ’ ਸਕੀਮ ਤਹਿਤ ਇਕ ਲੱਖ ਤੋਂ ਵੱਧ ਲਾਭਪਾਤਰੀ ਜਿਨਾਂ ਕੋਲ ਸਮਾਰਟ ਕਾਰਡ ਨਹੀਂ ਹਨ ਨੂੰ ਸੁੱਕਾ ਰਾਸ਼ਨ ਵੰਡਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੁੱਕੇ ਰਾਸ਼ਨ ਦੇ ਪੈਕੇਟ ਜਿਨਾਂ ਵਿੱਚ 10 ਕਿਲੋ ਕਣਕ ਦਾ ਆਟਾ, ਇਕ ਕਿਲੋ ਦਾਲ ਅਤੇ ਇਕ ਕਿਲੋ ਖੰਡ ਹੈ ਜ਼ਿਲ੍ਹੇ ਵਿੱਚ ਸਮਾਰਟ ਕਾਰਡ ਤੋਂ ਬਿਨਾਂ ਲੋਕਾਂ ਵਿੱਚ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸਮਾਜ ਦੇ ਕਮਜ਼ੋਰ ਤੇ ਲੋੜਵੰਦ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਵੇਰ ਤੋਂ ਇਹ ਰਾਸ਼ਨ ਵੰਡਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਸ਼ਨ ਦੇ ਇਹ ਪੈਕੇਟ ਵੱਖ-ਵੱਖ ਟੀਮਾਂ ਵਲੋਂ 13 ਜੂਨ ਤੋਂ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਨਾਂ ਪੈਕੇਟਾਂ ਦੀ ਸੁਚੱਜੇ ਤੇ ਪਾਰਦਰਸ਼ੀ ਢੰਗ ਨਾਲ ਵੰਡ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਰਾਸ਼ਨ ਵੰਡ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਇਸ ਵਿਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਵਲੋਂ ਲਾਕਡਾਊਨ/ਕਰਫ਼ਿਊ ਦੌਰਾਨ ਜ਼ਿਲ੍ਹੇ ਦੇ 2.41 ਲੱਖ ਸਮਾਰਟ ਕਾਰਡ ਧਾਰਕ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਤਿੰਨ ਮਹੀਨੇ ਲਈ ਮੁਫ਼ਤ ਕਣਕ ਅਤੇ ਦਾਲ ਇਕੋ ਵਾਰ ਵੰਡ ਕੇ ਬਹੁਤ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹੇ ਦੇ 9.26 ਲੱਖ ਯੋਗ ਲਾਭਪਾਤਰੀਆਂ ਨੂੰ ਰਾਸ਼ਨ ਵੰਡਣ ਦੀ ਇਸ ਵੱਡੀ ਮੁਹਿੰਮ ਨੂੰ ਸਫ਼ਲਤਾ ਪੂਰਵਕ ਮੁਕੰਮਲ ਕੀਤਾ ਗਿਆ ਹੈ।