ਜਲੰਧਰ 12 ਜੂਨ 2020: ਪੁਲਿਸ ਅਧਿਕਾਰੀਆਂ ਨੂੰ ਸਪਸ਼ਟ ਹਦਾਇਤਾਂ ਜਾਰੀ ਕਰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਦੇਸ਼ ਦਿੱਤੇ ਕਿ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਜੁਰਮਾਂ ਨੂੰ ਰੋਕਣ ਲਈ ਸ਼ਖਤ ਕਾਰਵਾਈ ਕੀਤੀ ਜਾਵੇ ਅਤੇ ਉਨਾਂ ਨੂੰ ਇਹ ਵੀ ਸਪਸ਼ਟ ਕੀਤਾ ਕਿ ਕਿਸੇ ਵੀ ਜੁਰਮ ਲਈ ਉਨਾਂ ਦੀ ਜਵਾਬ ਦੇਹੀ ਤੈਅ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਨੇ ਕਮਿਸ਼ਨਰੇਟ ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅਤੇ ਸਹਾਇਕ ਕਮਿਸ਼ਨਰ ਪੁਲਿਸ, ਐਸ.ਐਚ.ਓ.ਨਾਲ ਪੁਲਿਸ ਲਾਈਨ ਵਿਖੇ ਮੀਟਿੰਗ ਦੌਰਾਨ ਸਾਰਿਆਂ ਨੂੰ ਸਖ਼ਤ ਹਦਾਇਤਾਂ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਇਲਾਕਾ ਅਪਰਾਧ ਮੁਕਤ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ 24 ਘੰਟੇ ਖੇਤਰ ਦੀ ਸੁਰੱਖਿਆ ’ਤੇ ਚੌਕਸੀ ਰੱਖਣੀ ਚਾਹੀਦੀ ਹੈ। ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਕਿਹਾ ਕਿ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਸੁਚਾਰੂ ਢੰਗ ਅਤੇ ਡੂੰਘਾਈ ਨਾਲ ਦੌਰਿਆਂ ਨੂੰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਜਿਥੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਅਪਰਾਧਾਂ ਨੂੰ ਵੀ ਠੱਲ੍ਹ ਪਾਈ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹਰ ਪੁਲਿਸ ਅਫ਼ਸਰ ਨੂੰ ਅਪਰਾਧੀਆਂ ਸਬੰਧੀ ਜਾਣਕਾਰੀ ਜਿਵੇਂ ਕਿ ਉਹ ਜੇਲ੍ਹ ਵਿੱਚ ਹਨ ਜਾਂ ਪੇਰੋਲ ’ਤੇ ਜਾਂ ਜਮਾਨਤ ’ਤੇ ਹਨ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ। ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਇਹ ਵੀ ਆਦੇਸ਼ ਕੀਤਾ ਕਿ ਦੋਸ਼ੀਆਂ/ਜੁਰਮ ਕਰਨ ਦੇ ਆਦੀ ਲੋਕਾਂ ਦੀ ਹਰ ਗਤੀਵਿਧੀ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ਅਤੇ ਉਨਾਂ ਖਿਲਾਫ਼ ਸ਼ਖਤ ਕਾਨੂੰਨ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। ਪੰਜਾਬ ਸਰਕਾਰ ਅਤੇ ਡੀ.ਜੀ.ਪੀ.ਪੰਜਾਬ ਸ੍ਰੀ ਦਿਨਕਰ ਗੁਪਤਾ ਵਲੋਂ ਸੂਬੇ ਵਿਚੋਂ ਜੁਰਮ ਦੇ ਖ਼ਾਤਮੇ ਸਬੰਧੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਇਸ ਮੁੱਦੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ ਵਰਤਣ ’ਤੇ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਪੁਲਿਸ ਅਫ਼ਸਰਾਂ ਦੀ ਉਨਾਂ ਦੇ ਇਲਾਕਿਆਂ ਵਿੱਚ ਜੁਰਮ ਦੀ ਗਤੀਵਿਧੀ ਹੋਣ ਲਈ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਉਨ੍ਹਾਂ ਉਚ ਪੁਲਿਸ ਅਧਿਕਾਰੀਆਂ ਨੂੰ ਵੀ ਕਿਹਾ ਕਿ ਪੁਲਿਸ ਕਰਮੀਆਂ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਜਿਵੇਂ ਕਿ ਹੱਥ ਧੋਣਾ, ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਆਦਿ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾਵੇ। ਉਨ੍ਹਾਂ ਸਾਰੇ ਜੀ.ਓ. ਰੈਂਕ ਦੇ ਪੁਲਿਸ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਦੋਸੀਆਂ ਖਿਲਾਫ਼ ਕੀਤੀ ਗਈ ਕਾਰਵਾਈ ਸਬੰਧੀ ਰੋਜ਼ਾਨਾ ਸ਼ਾਮ ਨੂੰ ਉਨਾਂ ਨੂੰ ਰਿਪੋਰਟ ਭੇਜੀ ਜਾਵੇ ਅਤੇ ਆਪਣੇ ਅਪਣੇ ਅਧਿਕਾਰੀ ਖੇਤਰ ਵਿੱਚ ਲੋਕਾਂ ਦੀ ਵਿਸ਼ਵਾਸ ਬਹਾਲੀ ਲਈ ਨਿਯਮਤ ਤੌਰ ’ਤੇ ਦੌਰਿਆਂ ਲਈ ਸੰਜੀਦਾ ਉਪਰਾਲੇ ਕੀਤੇ ਜਾਣ। ਇਸ ਮੂਕੇ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਗੁਰਮੀਤ ਸਿੰਘ, ਸ੍ਰੀ ਅਰੁਣ ਸੈਣੀ, ਸ੍ਰੀ ਨਰੇਸ਼ ਕੁਮਾਰ ਡੋਗਰਾ , ਵਧੀਕ ਡਿਪਟੀ ਕਮਿਸ਼ਨਰ ਪੁਲਿਸ ਵਤਸਲਾ ਗੁਪਤਾ ਅਤੇ ਹੋਰ ਵੀ ਹਾਜ਼ਰ ਸਨ।