gilani tested covid 19 positive: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ। ਇਸ ਦੌਰਾਨ ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 6,472 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਦੇਸ਼ ਵਿੱਚ ਸੰਕਰਮਣ ਦੇ ਮਾਮਲੇ ਵੱਧ ਕੇ 1 ਲੱਖ 32 ਹਜ਼ਾਰ 405 ਹੋ ਗਏ ਹਨ। ਲਾਗ ਕਾਰਨ 88 ਹੋਰ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 2551 ਤੱਕ ਪਹੁੰਚ ਗਈ ਹੈ। 67 ਸਾਲਾ ਗਿਲਾਨੀ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਦੀ ਸੁਣਵਾਈ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸੰਕਰਮਿਤ ਹੋਏ ਸਨ। ਗਿਲਾਨੀ ਤੋਂ ਪਹਿਲਾਂ, ਵੀਰਵਾਰ ਨੂੰ, ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਮੁਖੀ ਸ਼ਾਹਬਾਜ਼ ਸ਼ਰੀਫ ਨੂੰ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਐਨਏਬੀ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ।
ਗਿਲਾਨੀ ਦੇ ਬੇਟੇ ਕਾਸੀਮ ਗਿਲਾਨੀ ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ ਕਿ ਜਾਂਚ ਵਿੱਚ ਸਾਬਕਾ ਪ੍ਰਧਾਨ ਮੰਤਰੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਕਾਸੀਮ ਨੇ ਕਿਹਾ, “ਇਮਰਾਨ ਖਾਨ ਦੀ ਸਰਕਾਰ ਅਤੇ ਰਾਸ਼ਟਰੀ ਜਵਾਬਦੇਹੀ ਬਿਊਰੋ ਦਾ ਧੰਨਵਾਦ! ਤੁਸੀਂ ਸਫਲਤਾ ਨਾਲ ਮੇਰੇ ਪਿਤਾ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਦੀ ਕੋਵਿਡ -19 ਦੀ ਜਾਂਚ ਦੀ ਰਿਪੋਰਟ ਸਕਾਰਾਤਮਕ ਆਈ ਹੈ।” ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਵੀ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ 29,850 ਲੋਕਾਂ ਦੀ ਜਾਂਚ ਕੀਤੀ ਗਈ। ਹੁਣ ਤੱਕ ਦੇਸ਼ ਵਿੱਚ 8,39,019 ਵਿਅਕਤੀਆਂ ਦੀ ਕੋਰੋਨਾ ਵਾਇਰਸ ਦੀ ਲਾਗ ਦੀ ਜਾਂਚ ਕੀਤੀ ਜਾ ਚੁੱਕੀ ਹੈ। ਮੰਤਰਾਲੇ ਦੇ ਅਨੁਸਾਰ, “ਪਾਕਿਸਤਾਨ ਵਿੱਚ ਹੁਣ ਤੱਕ 50,056 ਲੋਕ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।”